ਕੈਨੇਡਾ: ਜਹਾਜ਼ ਟਕਰਾਉਣ ਕਾਰਨ ਭਾਰਤੀ ਸਿੱਖਿਆਰਥੀ ਪਾਇਲਟ ਸਮੇਤ 2 ਦੀ ਮੌਤ

ਕੈਨੇਡਾ: ਜਹਾਜ਼ ਟਕਰਾਉਣ ਕਾਰਨ ਭਾਰਤੀ ਸਿੱਖਿਆਰਥੀ ਪਾਇਲਟ ਸਮੇਤ 2 ਦੀ ਮੌਤ

ਓਟਵਾ, 10 ਜੁਲਾਈ : ਟੋਰਾਂਟੋ ਵਿੱਚ ਭਾਰਤ ਦੇ ਕੌਂਸੁਲੇਟ ਜਨਰਲ ਅਨੁਸਾਰ ਕੈਨੇਡਾ ਦੇ ਮੈਨੀਟੋਬਾ ਸੂਬੇ ਵਿੱਚ ਦੋ ਜਹਾਜ਼ ਟਕਰਾਉਣ ਕਾਰਨ ਇੱਕ ਭਾਰਤੀ ਸਿੱਖਿਆਰਥੀ ਪਾਇਲਟ ਸਮੇਤ ਦੋ ਦੀ ਮੌਤ ਹੋ ਗਈ ਹੈ। ਇਹ ਘਟਨਾ ਮੰਗਲਵਾਰ ਦੀ ਦੱਸੀ ਜਾਂਦੀ ਹੈ। ਭਾਰਤੀ ਪਾਇਲਟ, ਜਿਸ ਦੀ ਪਛਾਣ ਸ੍ਰੀਹਰੀ ਸੁਕੇਸ਼ ਵਜੋਂ ਹੋਈ ਹੈ, ਦਾ ਸਿੰਗਲ-ਇੰਜਣ ਵਾਲਾ ਜਹਾਜ਼ ਅਜਿਹੇ ਹੀ ਇੱਕ ਹੋਰ ਜਹਾਜ਼ ਨਾਲ ਟਕਰਾ ਗਿਆ। ਜਾਣਕਾਰੀ ਅਨੁਸਾਰ ਦੂਜੇ ਜਹਾਜ਼ ਨੂੰ ਕੈਨੇਡੀਅਨ ਨੌਜਵਾਨ ਉਡਾਅ ਰਿਹਾ ਸੀ। ਭਾਰਤ ਦੇ ਕੌਂਸੁਲੇਟ ਜਨਰਲ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪਰਿਵਾਰ, ਪਾਇਲਟ ਸਿਖਲਾਈ ਸਕੂਲ ਅਤੇ ਸਥਾਨਕ ਪੁਲੀਸ ਨਾਲ ਸੰਪਰਕ ਵਿੱਚ ਹੈ ਤਾਂ ਜੋ ਸਾਰੀ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਸੀ.ਬੀ.ਸੀ.) ਦੀ ਇੱਕ ਖ਼ਬਰ ਰਿਪੋਰਟ ਵਿੱਚ ਕਿਹਾ ਗਿਆ ਹੈ, ‘‘ਦੋਵਾਂ ਵਿਦਿਆਰਥੀ ਪਾਇਲਟਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਸਿੰਗਲ-ਇੰਜਣ ਵਾਲੇ ਜਹਾਜ਼ਾਂ ਦੇ ਮਲਬੇ ਵਿੱਚੋਂ ਬਰਾਮਦ ਕੀਤੀਆਂ ਗਈਆਂ।’’ ਕਿਹਾ ਗਿਆ ਹੈ ਕਿ ਦੋਵੇਂ ਸਟੇਨਬਾਕ, ਵਿਨੀਪੈੱਗ ਤੋਂ ਲਗਪਗ 50 ਕਿਲੋਮੀਟਰ ਦੱਖਣ-ਪੂਰਬ ਵਿੱਚ ਹਵਾ ਵਿੱਚ ਟਕਰਾ ਗਏ ਸਨ। ਸੀਬੀਸੀ ਰਿਪੋਰਟ ਵਿੱਚ ਹਾਰਵਜ਼ ਏਅਰ ਦੇ ਪ੍ਰਧਾਨ ਐਡਮ ਪੈਨਰ ਨੇ ਕਿਹਾ ਕਿ ਵਿਦਿਆਰਥੀ ਟੇਕਆਫ ਅਤੇ ਲੈਂਡਿੰਗ ਦਾ ਅਭਿਆਸ ਕਰਦੇ ਹੋਏ ਲੈਂਡਿੰਗ ਸਟ੍ਰਿਪ ਦੇ ਨੇੜੇ ਪਹੁੰਚਦੇ ਸਮੇਂ ਟਕਰਾ ਗਏ। ਹਵਾਬਾਜ਼ੀ ਘਟਨਾਵਾਂ ਦੀ ਜਾਂਚ ਲਈ ਜ਼ਿੰਮੇਵਾਰ ਏਜੰਸੀ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਕਿ ਉਹ ਜਾਣਕਾਰੀ ਇਕੱਠੀ ਕਰ ਰਿਹਾ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

You must be logged in to post a comment Login