ਉੱਜਵਲ ਦੇਵਰਾਓ ਨਿਕਮ ਸਣੇ ਚਾਰ ਜਣੇ ਰਾਜ ਸਭਾ ਲਈ ਨਾਮਜ਼ਦ

ਉੱਜਵਲ ਦੇਵਰਾਓ ਨਿਕਮ ਸਣੇ ਚਾਰ ਜਣੇ ਰਾਜ ਸਭਾ ਲਈ ਨਾਮਜ਼ਦ

ਨਵੀਂ ਦਿੱਲੀ, 13 ਜੁਲਾਈ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚਾਰ ਜਣਿਆਂ ਉੱਘੇ ਵਕੀਲ ਉੱਜਵਾਲ ਦੇਵਰਾਓ ਨਿਕਮ, ਕੇਰਲਾ ਭਾਜਪਾ ਦੇ ਆਗੂ ਸੀ.ਸਦਾਨੰਦਨ ਮਾਸਟਰ, ਡਿਪਲੋਮੈਟ ਹਰਸ਼ ਵਰਧ ਸ਼੍ਰਿੰਗਲਾ ਤੇ ਇਤਿਹਾਸਕਾਰ ਡਾ.ਮਿਨਾਕਸ਼ੀ ਜੈਨ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਰਾਸ਼ਟਰਪਤੀ ਵੱਖ ਵੱਖ ਖੇਤਰਾਂ ਨਾਲ ਸਬੰਧਤ 12 ਉੱਘੀਆਂ ਹਸਤੀਆਂ ਨੂੰ ਰਾਜ ਸਭਾ ਲਈ ਨਾਮਜ਼ਦ ਕਰ ਸਕਦੇ ਹਨ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ, ‘‘ਭਾਰਤ ਦੇ ਸੰਵਿਧਾਨ ਦੇ ਅਨੁਛੇਦ 80 ਦੀ ਉਪ-ਧਾਰਾ (1) ਦੇ ਉਪ-ਧਾਰਾ (ਏ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨਾਮਜ਼ਦ ਮੈਂਬਰਾਂ ਦੀ ਸੇਵਾਮੁਕਤੀ ਕਾਰਨ ਖਾਲੀ ਅਸਾਮੀਆਂ ਨੂੰ ਭਰਨ ਲਈ ਉਜਵਲ ਦੇਵਰਾਓ ਨਿਕਮ, ਸੀ. ਸਦਾਨੰਦਨ ਮਾਸਟਰ, ਹਰਸ਼ ਵਰਧਨ ਸ਼੍ਰਿੰਗਲਾ ਅਤੇ ਡਾ. ਮਿਨਾਕਸ਼ੀ ਜੈਨ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ।’’ ਉੱਜਵਲ ਨਿਕਮ ਨਾਮੀਂ ਵਕੀਲ ਹਨ, ਜਿਨ੍ਹਾਂ 26/11 ਮੁੰਬਈ ਦਹਿਸ਼ਤੀ ਹਮਲੇ ਦੇ ਇਕਲੌਤੇ ਜਿਉਂਦੇ ਫੜੇ ਗਏ ਦਹਿਸ਼ਤਗਰਦ ਅਜਮਲ ਕਸਾਬ ਨੂੰ ਮੌਤ ਦੀ ਸਜ਼ਾ ਦਿਵਾਈ ਸੀ। ਨਿਕਮ ਨੇ 2024 ਵਿੱਚ ਭਾਜਪਾ ਦੀ ਟਿਕਟ ’ਤੇ ਹਾਈ-ਪ੍ਰੋਫਾਈਲ ਮੁੰਬਈ ਉੱਤਰੀ ਕੇਂਦਰੀ ਸੀਟ ਤੋਂ ਚੋਣ ਲੜੀ ਸੀ, ਪਰ ਉਹ ਹਾਰ ਗਏ। ਨਿਕਮ ਨੇ ਕਈ ਹਾਈ-ਪ੍ਰੋਫਾਈਲ ਮਾਮਲਿਆਂ ਵਿਚ ਵਕਾਲਤ ਕੀਤੀ, ਜਿਨ੍ਹਾਂ ਵਿੱਚ 1993 ਦੇ ਮੁੰਬਈ ਧਮਾਕੇ, ਗੁਲਸ਼ਨ ਕੁਮਾਰ ਹੱਤਿਆ, ਪ੍ਰਮੋਦ ਮਹਾਜਨ ਹੱਤਿਆ, ਮਰੀਨ ਡਰਾਈਵ ਬਲਾਤਕਾਰ ਮਾਮਲਾ ਅਤੇ 2008 ਦੇ ਮੁੰਬਈ ਦਹਿਸ਼ਤੀ ਹਮਲੇ ਸ਼ਾਮਲ ਹਨ।

You must be logged in to post a comment Login