ਜਿਨਸੀ ਛੇੜਛਾੜ ਕਾਰਨ ਖੁਦ ਨੂੰ ਅੱਗ ਲਗਾਉਣ ਵਾਲੀ ਵਿਦਿਆਰਥਣ ਦੀ ਮੌਤ

ਜਿਨਸੀ ਛੇੜਛਾੜ ਕਾਰਨ ਖੁਦ ਨੂੰ ਅੱਗ ਲਗਾਉਣ ਵਾਲੀ ਵਿਦਿਆਰਥਣ ਦੀ ਮੌਤ

ਭੁਬਨੇਸ਼ਵਰ, 15 ਜੁਲਾਈ : ਇੱਕ ਪ੍ਰੋਫੈਸਰ ਵੱਲੋਂ ਕਥਿਤ ਜਿਨਸੀ ਤੌਰ ’ਤੇ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਖੁਦ ਨੂੰ ਅੱਗ ਲਗਾਉਣ ਵਾਲੀ ਉੜੀਸਾ ਦੀ ਇਕ ਵਿਦਿਆਰਥਣ ਦੀ ਏਮਜ਼ (AIIMS) ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਬਾਲਾਸੋਰ ਦੇ ਫਕੀਰ ਮੋਹਨ (ਆਟੋਨੋਮਸ) ਕਾਲਜ ਦੀ ਦੂਜੇ ਸਾਲ ਦੀ ਇੰਟੈਗ੍ਰੇਟਿਡ ਬੀ.ਐੱਡ. ਦੀ ਵਿਦਿਆਰਥਣ ਦੀ ਤਿੰਨ ਦਿਨ ਤੋਂ ਗੰਭੀਰ ਹਾਲਤ ਵਿਚ ਸੀ। ਉਸ ਨੇ ਪ੍ਰੋਫੈਸਰ ਵਿਰੁੱਧ ਕਥਿਤ ਕਾਰਵਾਈ ਨਾ ਹੋਣ ’ਤੇ ਸ਼ਨਿਚਰਵਾਰ ਨੂੰ ਇਹ ਵੱਡਾ ਕਦਮ ਚੁੱਕਿਆ ਸੀ ਅਤੇ 95 ਫੀਸਦੀ ਝੁਲਸ ਗਈ ਸੀ। ਵਿਦਿਆਰਥਣ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਕਿਹਾ ਕਿ ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਕਾਨੂੰਨ ਤਹਿਤ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਵਿਦਿਆਰਥਣ ਨੂੰ ਪਹਿਲਾਂ ਬਾਲਾਸੋਰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਫਿਰ ਬਿਹਤਰ ਇਲਾਜ ਲਈ ਏਮਜ਼ ਭੁਬਨੇਸ਼ਵਰ ਲਿਜਾਇਆ ਗਿਆ ਸੀ। ਅਧਿਕਾਰੀਆਂ ਅਨੁਸਾਰ ਉਸ ਦਾ ਬਰਨ ਸੈਂਟਰ ਵਿਭਾਗ ਦੇ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਸੀ।

ਬਰਨ ਸੈਂਟਰ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, ‘‘ਮਰੀਜ਼ ਨੂੰ ਆਈਵੀ ਫਲੂਡਜ਼, ਆਈਵੀ ਐਂਟੀਬਾਇਓਟਿਕਸ ਨਾਲ ਮੁੜ ਸੁਰਜੀਤ ਕੀਤਾ ਗਿਆ, ਇੰਟਿਊਬੇਟ ਕੀਤਾ ਗਿਆ ਅਤੇ ਮਕੈਨੀਕਲ ਵੈਂਟੀਲੇਸ਼ਨ ’ਤੇ ਰੱਖਿਆ ਗਿਆ ਸੀ। ਪਰ 14 ਜੁਲਾਈ ਨੂੰ ਰਾਤ 11:46 ਵਜੇ ਉਸ ਨੂੰ ਕਲੀਨਿਕਲੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।’’

ਐਕਸ ’ਤੇ ਇੱਕ ਪੋਸਟ ਵਿੱਚ,ਮੁੱਖ ਮੰਤਰੀ ਨੇ ਕਿਹਾ, “ਮੈਨੂੰ ਫਕੀਰ ਮੋਹਨ ਆਟੋਨੋਮਸ ਕਾਲਜ ਦੀ ਵਿਦਿਆਰਥਣ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ। ਸਰਕਾਰ ਦੁਆਰਾ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਮਾਹਰ ਮੈਡੀਕਲ ਟੀਮ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਪੀੜਤਾ ਦੀ ਜਾਨ ਨਹੀਂ ਬਚਾਈ ਜਾ ਸਕੀ।”

You must be logged in to post a comment Login