ਫ਼ਰੀਦਕੋਟ, 23 ਜੁਲਾਈ : ਫ਼ਰੀਦਕੋਟ ਦੇ ਸਟੇਟ ਬੈਂਕ ਆਫ਼ ਇੰਡੀਆ (SBI) ਦੀ ਸਾਦਿਕ ਬ੍ਰਾਂਚ ਵਿੱਚ ਇੱਕ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੈਂਕ ਦਾ ਇੱਕ ਕਲਰਕ ਕਥਿਤ ਤੌਰ ’ਤੇ ਗ੍ਰਾਹਕਾਂ ਦੇ ਖਾਤਿਆਂ, ਐੱਫਡੀ ਅਤੇ ਕ੍ਰੈਡਿਟ ਸੀਮਾ ਵਿੱਚੋਂ ਕਰੋੜਾਂ ਰੁਪਏ ਕੱਢ ਕੇ ਫਰਾਰ ਹੋ ਗਿਆ। ਜਦੋਂ ਖਾਤਾਧਾਰਕ ਬ੍ਰਾਂਚ ਵਿੱਚ ਆਏ ਤਾਂ ਆਪਣੇ ਖਾਤੇ ਖਾਲੀ ਦੇਖ ਕੇ ਹੈਰਾਨ ਰਹਿ ਗਏ। ਇਸ ਦੌਰਾਨ ਬੈਂਕ ਦੇ ਬਾਹਰ ਬਜ਼ੁਰਗ ਖਾਤਾਧਾਰਕ ਅਤੇ ਔਰਤਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਜੀਵਨ ਭਰ ਦੀ ਕਮਾਈ ਗਾਇਬ ਹੋ ਗਈ ਹੈ।ਇਹ ਧੋਖਾਧੜੀ ਉਦੋਂ ਸਾਹਮਣੇ ਆਈ ਜਦੋਂ ਗਾਹਕਾਂ ਨੇ ਆਪਣੇ ਖਾਤਿਆਂ ਵਿੱਚੋਂ ਅਣਅਧਿਕਾਰਤ ਨਿਕਾਸੀ ਦੇਖੀ। ਬੈਂਕ ਅਧਿਕਾਰੀਆਂ ਨੇ ਜਾਂਚ ਕਰਨ ’ਤੇ ਸਾਹਮਣੇ ਕਿ ਕਈ ਲੋਕਾਂ ਦੇ ਖਾਤਿਆਂ ਵਿੱਚੋਂ ਵੱਡੀ ਰਕਮ ਗਾਇਬ ਸੀ ਅਤੇ ਅੱਜ ਤਸਦੀਕ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਸ਼ੁਰੂਆਤੀ ਸ਼ੱਕ ਬੈਂਕ ਦੇ ਇੱਕ ਕਲਰਕ ’ਤੇ ਪਿਆ, ਜੋ ਹੁਣ ਫਰਾਰ ਹੈ।
ਸੂਤਰਾਂ ਨੇ ਖੁਲਾਸਾ ਕੀਤਾ ਕਿ ਹੁਣ ਤੱਕ ਲਗਪਗ 5 ਕਰੋੜ ਰੁਪਏ ਦੀ ਧੋਖਾਧੜੀ ਦਾ ਖੁਲਾਸਾ ਹੋਇਆ ਹੈ। ਬ੍ਰਾਂਚ ਅਧਿਕਾਰੀਆਂ ਨੇ ਗਾਹਕਾਂ ਨੂੰ ਭਰੋਸਾ ਦਿੱਤਾ ਕਿ ਪ੍ਰਭਾਵਿਤ ਖਾਤਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਫੰਡ ਬਹਾਲ ਕੀਤੇ ਜਾਣਗੇ। ਬੈਂਕ ਦੇ ਫੀਲਡ ਅਫਸਰ ਸੁਸ਼ਾਂਤ ਅਰੋੜਾ ਨੇ ਕਿਹਾ ਕਿ ਉਹ ਕੁਝ ਦਿਨ ਪਹਿਲਾਂ ਹੀ ਇੱਥੇ ਜੁਆਇਨ ਹੋਏ ਸਨ, ਲੋਕਾਂ ਵੱਲੋਂ ਸੰਪਰਕ ਕਰਨ ’ਤੇ ਅੱਜ ਹੀ ਉਨ੍ਹਾਂ ਨੂੰ ਇਸ ਧੋਖਾਧੜੀ ਬਾਰੇ ਪਤਾ ਲੱਗਾ। ਥਾਣਾ ਸਾਦਿਕ ਦੇ ਇੰਚਾਰਜ ਨਵਦੀਪ ਭੱਟੀ ਨੇ ਦੱਸਿਆ ਕਿ ਬੈਂਕ ਦੇ ਇੱਕ ਕਲਰਕ ਅਮਿਤ ਢੀਂਗਰਾ ਦੇ ਖ਼ਿਲਾਫ਼ ਧੋਖਾਧੜੀ ਦੀਆਂ ਚਾਰ ਸ਼ਿਕਾਇਤਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ।
You must be logged in to post a comment Login