ਟਰੰਪ ਨਾਲ ਪ੍ਰਧਾਨ ਮੰਤਰੀ ਦੀ ‘ਦੋਸਤੀ’ ਖੋਖਲੀ ਸਾਬਤ ਹੋਈ: ਕਾਂਗਰਸ

ਟਰੰਪ ਨਾਲ ਪ੍ਰਧਾਨ ਮੰਤਰੀ ਦੀ ‘ਦੋਸਤੀ’ ਖੋਖਲੀ ਸਾਬਤ ਹੋਈ: ਕਾਂਗਰਸ

ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਹਾਲ ਹੀ ਵਿੱਚ ਹੋਏ ਕੂਟਨੀਤਕ ਰਾਬਤੇ ਦਾ ਹਵਾਲਾ ਦਿੰਦੇ ਹੋਏ, ਕਾਂਗਰਸ ਨੇ ਸ਼ਨਿੱਚਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਜਿਸ ‘ਬਹੁ-ਪ੍ਰਚਾਰਤ ਦੋਸਤੀ’ ਦੇ ਵਾਰ ਵਾਰ ਸੋਹਲੇ ਗਾਏ ਗਏ, ਉਹ ‘ਖੋਖਲੀ’ ਸਾਬਤ ਹੋਈ ਹੈ।ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ਉੱਤੇ ਇਕ ਪੋਸਟ ਵਿਚ ਕਿਹਾ, ‘‘ਭਾਰਤੀ ਕੂਟਨੀਤੀ ਦੀ ਅਸਫਲਤਾ, ਖਾਸ ਕਰਕੇ ਪਿਛਲੇ ਦੋ ਮਹੀਨਿਆਂ ਵਿੱਚ, ਚਾਰ ਠੋੋਸ ਤੱਥਾਂ ਜ਼ਰੀਏ ਸਭ ਤੋਂ ਸਪਸ਼ਟ ਤੌਰ ’ਤੇ ਦਰਸਾਈ ਗਈ ਹੈ। ਇਹ ਤੱਥ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸੋਹਲੇ ਗਾਉਣ ਵਾਲਿਆਂ ਅਤੇ ਜੈ ਜੈਕਾਰ ਕਰਨ ਵਾਲਿਆਂ ਦੇ ਵੱਡੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹਦੇ ਹਨ।’’ ਉਨ੍ਹਾਂ ਕਿਹਾ, ‘‘10 ਮਈ, 2025 ਤੋਂ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 25 ਵਾਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ‘ਆਪ੍ਰੇਸ਼ਨ ਸਿੰਧੂਰ’ ਨੂੰ ਰੋਕਣ ਲਈ ਨਿੱਜੀ ਤੌਰ ’ਤੇ ਦਖਲ ਦਿੱਤਾ ਸੀ ਅਤੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਜੰਗ ਨਹੀਂ ਰੋਕਦੇ, ਤਾਂ ਅਮਰੀਕਾ ਉਨ੍ਹਾਂ ਨਾਲ ਵਪਾਰ ਸਮਝੌਤੇ ’ਤੇ ਦਸਤਖਤ ਨਹੀਂ ਕਰੇਗਾ।’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਅਨੁਸਾਰ, 10 ਜੂਨ, 2025 ਨੂੰ, ਸ਼ਕਤੀਸ਼ਾਲੀ ਅਮਰੀਕੀ ਕੇਂਦਰੀ ਕਮਾਂਡ ਦੇ ਮੁਖੀ, ਜਨਰਲ ਮਾਈਕਲ ਕੁਰੀਲਾ ਨੇ ਅਤਿਵਾਦ ਵਿਰੁੱਧ ਲੜਾਈ ਵਿੱਚ ਪਾਕਿਸਤਾਨ ਨੂੰ ਅਮਰੀਕਾ ਦਾ ‘ਮਹਾਨ ਭਾਈਵਾਲ’ ਦੱਸਿਆ। ਉਨ੍ਹਾਂ ਕਿਹਾ, ‘‘18 ਜੂਨ, 2025 ਨੂੰ, ਰਾਸ਼ਟਰਪਤੀ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨਾਲ ਅਚਾਨਕ ਦੁਪਹਿਰ ਦੇ ਖਾਣੇ ’ਤੇ ਬੈਠਕ ਕੀਤੀ। ਜਦੋਂ ਕਿ ਦੋ ਮਹੀਨੇ ਪਹਿਲਾਂ, 22 ਅਪਰੈਲ, 2025 ਨੂੰ, ਪਹਿਲਗਾਮ ਵਿੱਚ ਹੋਏ ਬੇਰਹਿਮ ਦਹਿਸ਼ਤੀ ਹਮਲੇ ਦਾ ਪਿਛੋਕੜ ਖੁਦ ਆਸਿਮ ਮੁਨੀਰ ਦੇ ਭੜਕਾਊ ਅਤੇ ਫਿਰਕੂ ਬਿਆਨਾਂ ਨੇ ਤਿਆਰ ਕੀਤਾ ਸੀ।’’

You must be logged in to post a comment Login