ਆਇਰਲੈਂਡ ਵਿਚ 6 ਸਾਲਾ ਬੱਚੀ ’ਤੇ ਨਸਲੀ ਹਮਲਾ; ‘ਡਰਟੀ ਇੰਡੀਅਨ’ ਕਹਿ ਕੇ ਭਾਰਤ ਵਾਪਸ ਜਾਣ ਲਈ ਕਿਹਾ

ਆਇਰਲੈਂਡ ਵਿਚ 6 ਸਾਲਾ ਬੱਚੀ ’ਤੇ ਨਸਲੀ ਹਮਲਾ; ‘ਡਰਟੀ ਇੰਡੀਅਨ’ ਕਹਿ ਕੇ ਭਾਰਤ ਵਾਪਸ ਜਾਣ ਲਈ ਕਿਹਾ

ਚੰਡੀਗੜ੍ਹ , 7 ਅਗਸਤ : ਆਇਰਲੈਂਡ ਵਿਚ ਵਾਟਰਫੋਰਡ ਸਿਟੀ ਵਿਚ ਭਾਰਤੀ ਮੂਲ ਦੀ 6 ਸਾਲਾ ਬੱਚੀ ਉੱਤੇ ਕੁਝ ਵੱਡੇ ਬੱਚਿਆਂ ਵੱਲੋਂ ਹਮਲਾ ਕੀਤਾ ਗਿਆ। ਇਸ ਘਟਨਾ ਵਿਚ ਬੱਚੀ ਦੀ ਨਾ ਸਿਰਫ਼ ਸਰੀਰਕ ਕੁੱਟਮਾਰ ਕੀਤੀ ਗਈ ਬਲਕਿ ਉਸ ਖਿਲਾਫ਼ ਮੰਦੀ ਭਾਸ਼ਾ ਦੀ ਵਰਤੋਂ ਕਰਦਿਆਂ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆਂ। ਬੱਚੀ ਨੂੰ ‘ਡਰਟੀ ਇੰਡੀਅਨ’ ਕਹਿ ਕੇ ਭਾਰਤ ਵਾਪਸ ਜਾਣ ਲਈ ਕਿਹਾ ਗਿਆ। ਪੀੜਤਾ ਦੀ ਮਾਂ Anupa Achuthan ਜੋ ਮੂਲ ਰੂਪ ਵਿਚ ਕੇਰਲਾ ਦੀ ਰਹਿਣ ਵਾਲੀ ਹੈ ਤੇ ਹੁਣ ਆਇਰਲੈਂਡ ਦੀ ਨਾਗਰਿਕ ਹੈ, ਨੇ ਦੱਸਿਆ ਕਿ ਇਹ ਘਟਨਾ ਉਦੋਂ ਹੋਈ ਜਦੋਂ ਉਨ੍ਹਾਂ ਦੀ ਧੀ ਨੀਆ ਨਵੀਨ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਅਨੂਪਾ ਮੁਤਾਬਕ 8 ਤੋਂ 14 ਸਾਲ ਉਮਰ ਦੇ ਬੱਚਿਆਂ ਦੇ ਇਕ ਸਮੂਹ ਨੇ ਬੱਚੀ ’ਤੇ ਹਮਲਾ ਕੀਤਾ, ਉਸ ਨੂੰ ਸਾਈਕਲ ਨਾਲ ਟੱਕਰ ਮਾਰੀ ਤੇ ਮੂੰਹ ’ਤੇ ਪੰਜ ਵਾਰ ਘਸੁੰਨ ਮਾਰੇ। ਇਕ ਲੜਕੇ ਨੇ ਉਸ ਦੀ ਧੌਣ ਮਰੋੜੀ ਤੇ ਵਾਲ ਖਿੱਚੇ। ਮਾਂ ਨੇ ਦੱਸਿਆ ਕਿ ਉਹ ਆਪਣੇ 10 ਮਹੀਨਿਆਂ ਦੇ ਬੱਚੇ ਨੂੰ ਦੁੱਧ ਪਿਆਉਣ ਲਈ ਕੁਝ ਦੇਰ ਵਾਸਤੇ ਅੰਦਰ ਗਈ ਸੀ ਤੇ ਨੀਆ ਨੂੰ ਦੋਸਤਾਂ ਨਾਲ ਖੇਡਣ ਦੀ ਇਜਾਜ਼ਤ ਦਿੱਤੀ ਸੀ। ਥੋੜ੍ਹੀ ਦੇਰ ਬਾਅਦ ਬੱਚੀ ਬੁਰੀ ਹਾਲਤ ਵਿਚ ਘਰ ਮੁੜੀ।ਅਨੂਪਾ ਨੇ ਕਿਹਾ, ‘‘ਮੈਂ ਆਪਣੇ ਦੇਸ਼ ਦੀ ਸੇਵਾ ਕਰਦੀ ਹਾਂ ਤੇ ਇਕ ਨਰਸ ਹਾਂ। ਮੇਰੇ ਬੱਚੇ ਇਥੇ ਹੀ ਪੈਦਾ ਹੋਏ। ਅਸੀਂ ਸਿਰਫ਼ ਸੁਰੱਖਿਅਤ ਮਹਿਸੂਸ ਕਰਨਾ ਚਾਹੁੰਦੇ ਹਾਂ।’’ ਉਨ੍ਹਾਂ ਨੇ ਬੱਚਿਆਂ ਨੂੰ ਸਜ਼ਾ ਦੇਣ ਦੀ ਥਾਂ ਉਨ੍ਹਾਂ ਨੂੰ ਸਹੀ ਸਿੱਖਿਆ ਦੇਣ ਦੀ ਅਪੀਲ ਕੀਤੀ ਹੈ।

You must be logged in to post a comment Login