ਵੋਟਾਂ ਵਿੱਚ ਹੋਰ ਚੋਰੀ ਨਹੀਂ ਹੋਣ ਦਿਆਂਗੇ: ਰਾਹੁਲ

ਵੋਟਾਂ ਵਿੱਚ ਹੋਰ ਚੋਰੀ ਨਹੀਂ ਹੋਣ ਦਿਆਂਗੇ: ਰਾਹੁਲ

ਸਾਸਾਰਾਮ, 17 ਅਗਸਤ – ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬਿਹਾਰ ਦੇ ਸਾਸਾਰਾਮ ਜ਼ਿਲ੍ਹੇ ਵਿੱਚ ‘ਵੋਟ ਅਧਿਕਾਰ ਯਾਤਰਾ’ ਦੌਰਾਨ ਅੱਜ ਦਾਅਵਾ ਕੀਤਾ ਕਿ ਉਹ ਚੋਣਾਂ ਦੌਰਾਨ ਵੋਟਾਂ ਦੀ ਚੋਰੀ ਨਹੀਂ ਹੋਣ ਦੇਣਗੇ ਅਤੇ ਸਰਕਾਰ ਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਦਾ ਪਰਦਾਫਾਸ਼ ਕਰਕੇ ਰਹਿਣਗੇ। ਉਨ੍ਹਾਂ ਸਹੁੰ ਖਾਧੀ ਕਿ ਮਹਾਰਾਸ਼ਟਰ ਹੋਵੇ ਜਾਂ ਬਿਹਾਰ ਉਹ ਭਵਿੱਖ ਵਿਚ ਵੋਟਾਂ ਦੀ ਚੋਰੀ ਨਹੀਂ ਹੋਣ ਦੇਣਗੇ। ਗਾਂਧੀ ਇਥੇ ‘ਵੋਟ ਅਧਿਕਾਰ ਯਾਤਰਾ’ ਦੀ ਰਸਮੀ ਆਗਾਜ਼ ਮੌਕੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਟੇਜ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਆਰਜੇਡੀ ਆਗੂ ਤੇਜਸਵੀ ਯਾਦਵ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਕਾਂਗਰਸ ਦੇ ਕੇਸੀ ਵੇਣੂਗੋਪਾਲ ਆਦਿ ਹਾਜ਼ਰ ਸਨ।ਰਾਹੁਲ ਗਾਂਧੀ ਨੇ ਕਿਹਾ, “ਪੂਰਾ ਦੇਸ਼ ਜਾਣਦਾ ਹੈ ਕਿ ਚੋਣ ਕਮਿਸ਼ਨ ਕੀ ਕਰ ਰਿਹਾ ਹੈ। ਪਹਿਲਾਂ ਦੇਸ਼ ਨੂੰ ਨਹੀਂ ਪਤਾ ਸੀ ਕਿ ਵੋਟਾਂ ਕਿਵੇਂ ਚੋਰੀ ਹੋ ਰਹੀਆਂ ਹਨ। ਪਰ ਅਸੀਂ ਪ੍ਰੈਸ ਕਾਨਫਰੰਸ ਵਿੱਚ ਸਪੱਸ਼ਟ ਕਰ ਦਿੱਤਾ ਸੀ ਕਿ ਵੋਟਾਂ ਕਿਵੇਂ ਚੋਰੀ ਕੀਤੀਆਂ ਜਾ ਰਹੀਆਂ ਹਨ। ਵੋਟ ਚੋਰੀ ਬਿਹਾਰ, ਮਹਾਰਾਸ਼ਟਰ, ਅਸਾਮ, ਬੰਗਾਲ ਜਾਂ ਫਿਰ ਕਿਤੇ ਵੀ ਹੋਵੇ ਅਸੀਂ ਚੋਰੀ ਨੂੰ ਫੜਾਂਗੇ ਅਤੇ ਲੋਕਾਂ ਸਾਹਮਣੇ ਸੱਚ ਲਿਆਵਾਂਗੇ।’’ਉਨ੍ਹਾਂ ਕਿਹਾ ,“ਮੈਂ ਤੁਹਾਨੂੰ ਇਸ ਸਟੇਜ ਤੋਂ ਦੱਸ ਰਿਹਾ ਹਾਂ ਕਿ ਉਨ੍ਹਾਂ ਦੀ ਨਵੀਂ ਸਾਜ਼ਿਸ਼ ਬਿਹਾਰ ਵਿੱਚ ਵਿਸ਼ੇਸ਼ ਵਿਆਪਕ ਸੁਧਾਈ (SIR) ਕਰਵਾਉਣ ਅਤੇ ਨਵੀਆਂ ਵੋਟਾਂ ਕੱਟ ਕੇ ਅਤੇ ਜਾਅਲੀ ਵੋਟਾਂ ਜੋੜ ਕੇ ਬਿਹਾਰ ਚੋਣਾਂ ਵੀ ਚੋਰੀ ਕਰਨ ਦੀ ਹੈ। ਅਸੀਂ ਸਾਰੇ ਇਸ ਸਟੇਜ ਤੋਂ ਤੁਹਾਨੂੰ ਇਹ ਦੱਸਣ ਲਈ ਆਏ ਹਾਂ ਕਿ ਅਸੀਂ ਉਨ੍ਹਾਂ ਨੂੰ ਇਹ ਚੋਣ ਚੋਰੀ ਨਹੀਂ ਕਰਨ ਦੇਵਾਂਗੇ।”

You must be logged in to post a comment Login