ਪਟਿਆਲਾ, 17 ਅਗਸਤ (ਖੁਰਾਣਾ)- ਨਾਭਾ ਬਲਾਕ ਦੇ ਕਲਸਾਣਾ ਪਿੰਡ ਦੀ ਪੰਚਾਇਤ ਨੂੰ 15 ਅਗਸਤ ਦੇ ਮੌਕੇ ‘ਤੇ ਨਵੀਂ ਦਿੱਲੀ ਨਗਰ ਕੌਂਸਲ ਵਿੱਚ ਜਲ ਸ਼ਕਤੀ ਮੰਤਰੀ ਵੀ. ਸਮਾਣਾ ਵੱਲੋਂ ਪਿੰਡ ਦੀ ਸਫਾਈ ਸਵੱਛ ਭਾਰਤ ਅਭਿਆਨ ਦੇ ਤਹਿਤ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਸਰਪੰਚ ਗੁਰੂਧਿਆਨ ਸਿੰਘ ਨੂੰ ਜਲ ਮੰਤਰੀ ਵੱਲੋਂ ਸਨਮਾਨ ਦਿੱਤਾ ਗਿਆ ਪਰ 15 ਅਗਸਤ ਨੂੰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ‘ਤੇ ਤਿਰੰਗਾ ਝੰਡਾ ਲਹਿਰਾਉਣ ਵਾਲੇ ਸਨ, ਤਦ ਸਰਪੰਚ ਗੁਰਧਿਆਨ ਸਿੰਘ ਨੂੰ ਉਥੇ ਆਉਣ ਦਾ ਸੱਦਾ ਪੱਤਰ ਮਿਲਿਆ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਗੇਟ ‘ਤੇ ਹੀ ਰੋਕ ਲਿਆ ਗਿਆ, ਕਿਉਂਕਿ ਪਿੰਡ ਦੇ ਸਰਪੰਚ ਜੋ ਗੁਰਸਿੱਖ ਹਨ। ਗੁਰਧਿਆਨ ਸਿੰਘ ਨੇ ਸ੍ਰੀ ਸਾਹਿਬ (ਕਕਾਰ) ਪਾਏ ਹੋਏ ਸੀ, ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ‘ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਸਾਹਿਬ ਉਤਾਰਨ ‘ਤੇ ਹੀ ਐਂਟਰੀ ਮਿਲੇਗੀ। ਸਰਪੰਚ ਨੇ ਕਿਹਾ ਕਿ ਉਹ ਸ੍ਰੀ ਸਾਹਿਬ ਨਹੀਂ ਉਤਾਰੇਗਾ। ਇਸ ਕਾਰਨ ਸਰਪੰਚ ਵਾਪਸ ਆ ਗਿਆ। ਸਰਪੰਚ ਨੇ ਮੰਗ ਕੀਤੀ ਕਿ ਵਿਦੇਸ਼ਾਂ ‘ਚ ਸਿੱਖਾਂ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ, ਪਰ ਦਿੱਲੀ ਵਿੱਚ ਮੇਰੇ ਨਾਲ ਜੋ ਵੀ ਹੋਇਆ, ਮੈਂ ਇਸਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਮੈਨੂੰ ਦਿੱਲੀ ਪ੍ਰੋਗਰਾਮ ‘ਤੇ ਬੁਲਾ ਕੇ ਬੇਇੱਜਤ ਕੀਤਾ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ‘ਤੇ ਕਾਰਵਾਈ ਕਰਕੇ ਸਖ਼ਤ ਐਕਸ਼ਨ ਲੈਣਾ ਚਾਹੀਦਾ ਤਾਂ ਜੋ ਅੱਜ ਮੇਰੇ ਨਾਲ ਹੋਇਆ ਹੈ ਅੱਗੇ ਕਿਸੇ ਹੋਰ ਨਾਲ ਨਾ ਵਾਪਰੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਇਸ ਘਟਨਾ ਨੂੰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਾਰ ਦਿੱਤਾ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਗੁਰਧਿਆਨ ਸਿੰਘ ਨੂੰ ਵਿਸ਼ੇਸ਼ ਸੱਦੇ ‘ਤੇ ਬੁਲਾਇਆ ਹੋਣ ਦੇ ਬਾਵਜੂਦ ਵੀ ਧਾਰਮਿਕ ਚਿੰਨ੍ਹ ਕਿਰਪਾਨ ਕਾਰਨ ਅੰਦਰ ਜਾਣ ਤੋਂ ਰੋਕਣਾ ਆਪਣੇ ਹੀ ਦੇਸ਼ ਅੰਦਰ ਬੇਗਾਨਗੀ ਵਾਲਾ ਵਿਹਾਰ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਅਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਪਰ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਹਮੇਸ਼ਾ ਵਿਤਕਰੇ ਹੋ ਰਹੇ ਹਨ।
You must be logged in to post a comment Login