ਯੂਕਰੇਨ ਲਈ ਸੁਰੱਖਿਆ ਗਾਰੰਟੀਆਂ ਬਾਰੇ ਕੰਮ 10 ਦਿਨਾਂ ’ਚ ਪੂਰਾ ਹੋ ਜਾਵੇਗਾ: ਜ਼ੇਲੈਂਸਕੀ

ਯੂਕਰੇਨ ਲਈ ਸੁਰੱਖਿਆ ਗਾਰੰਟੀਆਂ ਬਾਰੇ ਕੰਮ 10 ਦਿਨਾਂ ’ਚ ਪੂਰਾ ਹੋ ਜਾਵੇਗਾ: ਜ਼ੇਲੈਂਸਕੀ

ਕੀਵ, 19 ਅਗਸਤ : ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਆਪਣੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਤੇ ਯੂਰੋਪੀਅਨ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਮੰਗਲਵਾਰ ਨੂੰ ਕਿਹਾ ਕਿ ਕੀਵ ਦੀ ਸੁਰੱਖਿਆ ਨਾਲ ਜੁੜੀਆਂ ਜਾਮਨੀਆਂ ਬਾਰੇ 10 ਦਿਨਾਂ ਅੰਦਰ ਕੰਮ ਕੀਤੇ ਜਾਣ ਦੀ ਸੰਭਾਵਨਾ ਹੈ। ਜ਼ੇਲੈਂਸਕੀ ਨੇ ਆਗੂਆਂ ਨਾਲ ਬੈਠਕਾਂ ਮਗਰੋਂ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ, ‘‘ਸੁਰੱਖਿਆ ਗਾਰੰਟੀਆਂ ਸ਼ਾਇਦ ਸਾਡੇ ਭਾਈਵਾਲਾਂ ਵੱਧਲੋਂ ‘ਖੋਲ੍ਹੀਆਂ’ ਜਾਣਗੀਆਂ, ਅਤੇ ਹੋਰ ਵੇਰਵੇ ਸਾਹਮਣੇ ਆਉਣਗੇ। ਇਹ ਸਭ ਕੁਝ ਅਗਲੇ ਹਫ਼ਤੇ ਤੋਂ 10 ਦਿਨਾਂ ਅੰਦਰ ਰਸਮੀ ਤੌਰ ’ਤੇ ਦਸਤਾਵੇਜ਼ੀ ਰੂਪ ਵਿਚ ਲਾਗੂ ਹੋ ਜਾਵੇਗਾ।’’ ਟਰੰਪ ਨੇ ਸੋਮਵਾਰ ਨੂੰ ਜ਼ੇਲੈਂਸਕੀ ਨੂੰ ਦੱਸਿਆ ਕਿ ਰੂਸ ਨਾਲ ਜੰਗ ਖਤਮ ਕਰਨ ਲਈ ਅਮਰੀਕਾ ਕਿਸੇ ਵੀ ਸਮਝੌਤੇ ਵਿੱਚ ਯੂਕਰੇਨ ਦੀ ਸੁਰੱਖਿਆ ਗਰੰਟੀ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ, ਹਾਲਾਂਕਿ ਕਿਸੇ ਵੀ ਸਹਾਇਤਾ ਦੀ ਹੱਦ ਤੁਰੰਤ ਸਪੱਸ਼ਟ ਨਹੀਂ ਸੀ। ਯੂਕਰੇਨੀ ਸਦਰ ਨੇ ਕਿਹਾ, ‘‘ਇਹ ਅਹਿਮ ਹੈ ਕਿ ਅਮਰੀਕਾ ਸਪੱਸ਼ਟ ਸੰਕੇਤ ਭੇਜ ਰਿਹਾ ਹੈ ਕਿ ਉਹ ਤਾਲਮੇਲ ਬਣਾਉਣ ਵਿੱਚ ਮਦਦ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੋਵੇਗਾ ਅਤੇ ਯੂਕਰੇਨ ਲਈ ਸੁਰੱਖਿਆ ਗਾਰੰਟੀਆਂ ਵਿੱਚ ਵੀ ਇੱਕ ਭਾਈਵਾਲ ਹੋਵੇਗਾ।’’ ਜ਼ੇਲੈਂਸਕੀ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਇਹ ਇੱਕ ਵੱਡੀ ਪੇਸ਼ਕਦਮੀ ਹੈ।’’ ਹਾਲਾਂਕਿ ਵਾਸ਼ਿੰਗਟਨ ਵਿੱਚ ਮੀਟਿੰਗਾਂ ਤੋਂ ਬਾਅਦ ਇੱਕ ਸ਼ਾਂਤੀ ਸਮਝੌਤਾ ਅਜੇ ਵੀ ਦੂਰ ਦੀ ਗੱਲ ਜਾਪਦਾ ਸੀ। ਜ਼ੇਲੈਂਸਕੀ ਨੇ ਕਿਹਾ ਕਿ ਟਰੰਪ ਨਾਲ ਸੋਮਵਾਰ ਨੂੰ ਹੋਈ ਮੁਲਾਕਾਤ ਹੁਣ ਤੱਕ ਦੀ ਉਸ ਦੀ ‘ਸਭ ਤੋਂ ਵਧੀਆ’ ਸੀ।

You must be logged in to post a comment Login