ਚੰਡੀਗੜ੍ਹ, 20 ਅਗਸਤ : ਗ੍ਰਹਿ ਮੰਤਰਾਲੇ ਨੇ ਭਾਰਤ ਦੇ 79ਵੇਂ ਅਜ਼ਾਦੀ ਦਿਹਾੜੇ ਮੌਕੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਹਰਗੋਬਿੰਦਰ ਸਿੰਘ ਧਾਲੀਵਾਲ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਪੁਲੀਸ ਮੈਡਲ ਦਾ ਐਲਾਨ ਕੀਤਾ ਹੈ। ਧਾਲੀਵਾਲ ਨੂੰ ਕੌਮਾਂਤਰੀ ਪਛਾਣ ਉਦੋਂ ਮਿਲੀ, ਜਦੋਂ ਉਸ ਦੀ ਟੀਮ ਨੇ ਗਾਇਕ ਸਿੱਧੂ ਮੂਸੇਵਾਲਾ ਕੇਸ ਵਿੱਚ ਛੇ ਵਿੱਚੋਂ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਰਾਸ਼ਟਰਪਤੀ ਮੈਡਲ ਸਿਰਫ਼ ਇੱਕ ਮਾਮਲੇ ਲਈ ਬਲਕਿ ਵਿਲੱਖਣ ਸੇਵਾ ਲਈ ਦਿੱਤਾ ਜਾਂਦਾ ਹੈ।ਉਹ ਪਟਿਆਲਾ ਨਾਲ ਸਬੰਧਤ ਹਨ ਅਤੇ ਨਾਭਾ ਦੇ ਪੰਜਾਬ ਪਬਲਿਕ ਸਕੂਲ ਦੇ ਸਾਬਕਾ ਵਿਦਿਆਰਥੀ ਹਨ। ਆਈਪੀਐਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮਬੀਏ ਅਤੇ ਐਲਐਲਬੀ ਦੀਆਂ ਡਿਗਰੀਆਂ ਪੂਰੀਆਂ ਕੀਤੀਆਂ ਹਨ।1997 ਬੈਚ ਦਾ ਏਜੀਐਮਯੂਟੀ ( AGMUT) ਕੇਡਰ ਦੇ ਆਈਪੀਐਸ ਅਧਿਕਾਰੀ ਧਾਲੀਵਾਲ ਨੇ ਆਪਣੀ ਤਿੱਖੀ ਜਾਂਚ ਸਮਰੱਥਾ ਅਤੇ ਉੱਚ-ਪ੍ਰੋਫਾਈਲ ਅਪਰਾਧਿਕ ਮਾਮਲਿਆਂ ਵਿੱਚ ਲੀਡਰਸ਼ਿਪ ਲਈ ਸਾਖ ਪ੍ਰਾਪਤ ਕੀਤੀ ਹੈ। ਹਾਲ ਹੀ ਦੇ ਸਾਲਾਂ ਵਿੱਚ ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਵਿੱਚ ਉਨ੍ਹਾਂ ਦੀ ਮੁੱਖ ਭੂਮਿਕਾ ਸੀ, ਜਿਸ ਨੇ ਕੌਮੀ ਅਤੇ ਕੌਮਾਂਤਰੀ ਧਿਆਨ ਖਿੱਚਿਆ।
ਉਸ ਸਮੇਂ ਦਿੱਲੀ ਪੁਲੀਸ ਸਪੈਸ਼ਲ ਸੈੱਲ ਦੇ ਮੁਖੀ ਵਜੋਂ ਧਾਲੀਵਾਲ ਨੇ ਇਸ ਅਪਰੇਸ਼ਨ ਦੀ ਅਗਵਾਈ ਕੀਤੀ ਜਿਸ ਨਾਲ ਪ੍ਰਸਿੱਧ ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਤਿੰਨ ਮੁੱਖ ਸ਼ੂਟਰਾਂ ਪ੍ਰਿਯਵਰਤ ਫੌਜੀ, ਅੰਕਿਤ ਸਰਸਾ ਅਤੇ ਕਸ਼ਿਸ਼ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੀ ਟੀਮ ਨੇ ਦੂਜੀਆਂ ਏਜੰਸੀਆਂ ਨਾਲ ਮਿਲ ਕੇ ਦੀਪਕ ਮੁੰਡੀ ਨੂੰ ਟਰੈਕ ਕੀਤਾ, ਜਿਸ ਨੂੰ ਬਾਅਦ ਵਿੱਚ ਨੇਪਾਲ ਸਰਹੱਦ ਨੇੜੇ ਗ੍ਰਿਫਤਾਰ ਕੀਤਾ ਗਿਆ। ਧਾਲੀਵਾਲ ਦੀ ਲੀਡਰਸ਼ਿਪ ਨੇ ਪੱਤਰਕਾਰ ਸੌਮਿਆ ਵਿਸ਼ਵਨਾਥਨ, ਆਈਟੀ ਐਗਜ਼ੀਕਿਊਟਿਵ ਜਿਗੀਸ਼ਾ ਘੋਸ਼ ਅਤੇ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਵਰਗੇ ਕਈ ਹੋਰ ਵੱਡੇ ਮਾਮਲਿਆਂ ਨੂੰ ਸੁਲਝਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
You must be logged in to post a comment Login