ਹੜ੍ਹਾਂ ਦੌਰਾਨ ‘ਨਾਇਕ’ ਬਣ ਕੇ ਖੜ੍ਹਿਆ ਕਿਸਾਨ ਦਾ ਪੁੱਤ ‘ਟਰੈਕਟਰ’

ਹੜ੍ਹਾਂ ਦੌਰਾਨ ‘ਨਾਇਕ’ ਬਣ ਕੇ ਖੜ੍ਹਿਆ ਕਿਸਾਨ ਦਾ ਪੁੱਤ ‘ਟਰੈਕਟਰ’

ਚੰਡੀਗੜ੍ਹ, 1 ਸਤੰਬਰ : ਪੰਜਾਬ ਦੇ 1300 ਤੋਂ ਵੱਧ ਪਿੰਡ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਹਨ। ‘ਟਰੈਕਟਰ’ ਜਿਸ ਨੂੰ ਕਿਸਾਨ ਆਪਣਾ ‘ਪੁੱਤ’ ਮੰਨਦੇ ਹਨ ਅਤੇ ਧਰਨੇ ਪ੍ਰਦਰਸ਼ਨਾਂ ਦੌਰਾਨ ਕਿਸਾਨ ਇਨ੍ਹਾਂ ਟਰੈਕਟਰਾਂ ਦੀ ਆਮ ਕਰਕੇ ਵਰਤੋਂ ਕਰਦੇ ਹਨ। ਪਰ ਅੱਜ ਜਦੋਂ ਪੰਜਾਬ ’ਤੇ ਬਿਪਤਾ ਪਈ ਹੈ ਤਾਂ ‘ਟਰੈਕਟਰ’ ਕਿਸਾਨ ਨਾਲ ਨਾਇਕ ਬਣ ਕੇ ਉੱਭਰਿਆ ਹੈ।ਕਦੇ ਟਰੈਕਟਰ ਨੂੰ ‘ਪਰੇਸ਼ਾਨੀ ਪੈਦਾ ਕਰਨ ਵਾਲਾ ਵਾਹਨ’ (ਨਿਊਸੈਂਸ ਵਹੀਕਲ) ਕਿਹਾ ਜਾਂਦਾ ਸੀ। ਸੜਕ ਨਿਯਮਾਂ ਦੀ ਉਲੰਘਣਾ ਲਈ ਅਕਸਰ ਟਰੈਕਟਰ ਚਾਲਕਾਂ ਦਾ ਚਲਾਨ ਕੀਤਾ ਜਾਂਦਾ ਸੀ। ਕਈ ਮਾਮਲਿਆਂ ਵਿੱਚ ਤਾਂ ਟਰੈਕਟਰ ਜ਼ਬਤ ਵੀ ਕੀਤੇ ਗਏ, ਪਰ ਉਹੀ ਟਰੈਕਟਰ ਹੁਣ ਹੜ੍ਹਾਂ ਦੌਰਾਨ ਪੰਜਾਬ ਦਾ ਸਭ ਤੋਂ ਭਰੋਸੇਮੰਦ ਬਚਾਅ ਸਾਧਨ ਬਣ ਗਿਆ ਹੈ।ਜਿਵੇਂ-ਜਿਵੇਂ ਭਾਰੀ ਮੀਂਹ ਕਾਰਨ ਮਾਲਵਾ ਦੇ ਪਿੰਡਾਂ ਤੋਂ ਲੈ ਕੇ ਮਾਝਾ ਅਤੇ ਦੋਆਬਾ ਦੇ ਨੀਵੇਂ ਇਲਾਕਿਆਂ ਸਮੇਤ ਪੰਜਾਬ ਦੇ ਵੱਡੇ ਹਿੱਸੇ ਹੜ੍ਹਾਂ ਦੀ ਲਪੇਟ ਵਿੱਚ ਆ ਰਹੇ ਹਨ, ਇਹ ਟਰੈਕਟਰ ਪਾਣੀ ਵਿੱਚ ਡੁੱਬੇ ਇਲਾਕਿਆਂ ਵਿੱਚ ਜਾ ਕੇ ਫਸੇ ਪਰਿਵਾਰਾਂ ਨੂੰ ਬਚਾਉਣ ਵਿਚ ਮਦਦ ਕਰ ਰਿਹਾ ਹੈ ਅਤੇ ਭੋਜਨ, ਪੀਣਯੋਗ ਪਾਣੀ, ਦਵਾਈਆਂ ਵਰਗੀਆਂ ਜ਼ਰੂਰੀ ਵਸਤਾਂ ਪਹੁੰਚਾ ਰਹੇ ਹਨ।ਕਦੇ ਟਰੈਫਿਕ ਮੁਹਿੰਮਾਂ ਦੌਰਾਨ ਸਹੀ ਪਰਮਿਟ ਨਾ ਹੋਣ ਜਾਂ ਸੜਕਾਂ ’ਤੇ ਰੁਕਾਵਟ ਪੈਦਾ ਕਰਨ ਲਈ ਨਿਸ਼ਾਨਾ ਬਣਾਏ ਜਾਣ ਵਾਲੇ ਇਹ ਟਰੈਕਟਰ ਹੁਣ ਜ਼ਮੀਨ ’ਤੇ ਸੱਚੇ ਨਾਇਕ ਬਣ ਕੇ ਉੱਭਰੇ ਹਨ। ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਸਰਕਾਰੀ ਵਾਹਨ ਅਤੇ ਐਮਰਜੈਂਸੀ ਸੇਵਾਵਾਂ ਨਹੀਂ ਪਹੁੰਚ ਸਕਦੀਆਂ, ਟਰੈਕਟਰ ਲੱਕ-ਲੱਕ ਤੱਕ ਪਾਣੀ ਵਿੱਚੋਂ ਲੰਘ ਕੇ ਲੋਕਾਂ ਤੱਕ ਪਹੁੰਚ ਰਹੇ ਹਨ।

You must be logged in to post a comment Login