ਸਮੁੱਚਾ ਪੰਜਾਬ ਹੜ੍ਹਾਂ ਦੀ ਮਾਰ ਹੇਠ

ਸਮੁੱਚਾ ਪੰਜਾਬ ਹੜ੍ਹਾਂ ਦੀ ਮਾਰ ਹੇਠ

ਚੰਡੀਗੜ੍ਹ, 3 ਸਤੰਬਰ: ਭਿਆਨਕ ਹੜ੍ਹਾਂ ਨੇ ਹੁਣ ਸਮੁੱਚਾ ਪੰਜਾਬ ਆਪਣੀ ਲਪੇਟ ’ਚ ਲੈ ਲਿਆ ਹੈ। ਪਹਿਲਾਂ ਪਹਾੜਾਂ ਦੇ ਪਾਣੀ ਨੇ ਮਾਰ ਕੀਤੀ ਸੀ ਅਤੇ ਹੁਣ ਸੂਬੇ ’ਚ ਪਏ ਭਾਰੀ ਮੀਂਹ ਕਾਰਨ ਸੂਬੇ ਦਾ ਹਰ ਜ਼ਿਲ੍ਹਾ ਹੜ੍ਹਾਂ ਤੋਂ ਪ੍ਰਭਾਵਿਤ ਹੋ ਗਿਆ ਹੈ। ਸੂਬੇ ’ਚ 1400 ਪਿੰਡ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਜਦੋਂ ਕਿ ਗੁਰਦਾਸਪੁਰ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਜਿੱਥੋਂ ਦੇ 324 ਪਿੰਡ ਲਪੇਟ ’ਚ ਆਏ ਹਨ। ਅੰਮ੍ਰਿਤਸਰ ਦੇ 135 ਪਿੰਡ ਅਤੇ ਹੁਸ਼ਿਆਰਪੁਰ ਦੇ 119 ਪਿੰਡ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ। ਸਰਕਾਰੀ ਰਿਪੋਰਟ ਅਨੁਸਾਰ ਹੜ੍ਹਾਂ ਕਾਰਨ ਹੁਣ ਤੱਕ 30 ਜਾਨਾਂ ਚਲੀਆਂ ਗਈਆਂ ਹਨ। ਲੁਧਿਆਣਾ ਜ਼ਿਲ੍ਹੇ ’ਚ ਅੱਜ ਤਿੰਨ ਬੱਚੇ ਕਰੰਟ ਲੱਗਣ ਅਤੇ ਛੱਤ ਡਿੱਗਣ ਕਾਰਨ ਮੌਤ ਦੇ ਮੂੰਹ ਜਾ ਪਏ ਹਨ। ਸੂਬੇ ਦੇ 3.54 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਹੁਣ ਤੱਕ ਪਾਣੀ ’ਚ ਫਸੇ 19,597 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ ਅਤੇ 171 ਰਾਹਤ ਕੈਂਪਾਂ ’ਚ 5,167 ਲੋਕ ਪਹੁੰਚਾਏ ਗਏ ਹਨ। ਸੂਬੇ ’ਚ ਹੜ੍ਹਾਂ ਦਾ ਖ਼ਤਰਾ ਹਾਲੇ ਘਟਿਆ ਨਹੀਂ ਹੈ ਕਿਉਂਕਿ ਘੱਗਰ ਦਾ ਪਾਣੀ ਹੁਣ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ ਹੈ ਜਦੋਂ ਕਿ ਸਤਲੁਜ ਦਰਿਆ ’ਚ ਵਧੇ ਪਾਣੀ ਨੇ ਸੈਂਕੜੇ ਪਿੰਡਾਂ ਦੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ।ਬੇਸ਼ੱਕ ਮੀਂਹ ਦੀ ਤੇਜ਼ ਰਫ਼ਤਾਰ ਨੂੰ ਠੱਲ੍ਹ ਪਈ ਹੈ ਪ੍ਰੰਤੂ ਕਪੂਰਥਲਾ ਤੇ ਰੋਪੜ ਜ਼ਿਲ੍ਹੇ ’ਚ ਸਤਲੁਜ ਨੇੜਲੇ ਖ਼ਿੱਤਿਆਂ ਦੇ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸਿਵਲ ਤੇ ਪੁਲੀਸ ਪ੍ਰਸ਼ਾਸਨ ਸਤਲੁਜ ’ਤੇ ਬਣੇ ਬੰਨ੍ਹਾਂ ’ਤੇ ਨਜ਼ਰ ਰੱਖ ਰਹੇ ਹਨ। ਮੌਸਮ ਵਿਭਾਗ ਨੇ ਭਲਕੇ ਪਠਾਨਕੋਟ ਤੇ ਗੁਰਦਾਸਪੁਰ ’ਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਪਹਾੜਾਂ ਤੋਂ ਇਲਾਵਾ ਪੰਜਾਬ ’ਚ ਪਈ ਬਾਰਸ਼ ਨੇ ਸਤਲੁਜ ਤੇ ਘੱਗਰ ’ਚ ਪਾਣੀ ਦੀ ਮਾਤਰਾ ਇਕਦਮ ਵਧਾ ਦਿੱਤੀ ਹੈ।

You must be logged in to post a comment Login