ਚੰਡੀਗੜ੍ਹ, 5 ਸਤੰਬਰ (ਜੀ ਕੰਬੋਜ): ਭਾਖੜਾ ਡੈਮ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਐਨ ਨੇੜੇ ਪਹੁੰਚ ਗਿਆ ਹੈ ਜਿਸ ਕਰ ਕੇ ਸਤਲੁਜ ਦਰਿਆ ’ਚ ਹੁਣ 85 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਉਧਰ ਘੱਗਰ ਦਰਿਆ ਵੀ ਚੜ੍ਹ ਗਿਆ ਹੈ ਜਿਸ ਕਾਰਨ ਪਟਿਆਲਾ ਅਤੇ ਸੰਗਰੂਰ ਪ੍ਰਸ਼ਾਸਨ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਅਲਰਟ ਕਰ ਦਿੱਤਾ ਹੈ। ਲੋਕਾਂ ਨੂੰ ਉੱਚੀਆਂ ਥਾਵਾਂ ’ਤੇ ਜਾਣ ਲਈ ਆਖ ਦਿੱਤਾ ਗਿਆ ਹੈ। ਘੱਗਰ ਕਈ ਥਾਵਾਂ ਤੋਂ ਓਵਰਫਲੋਅ ਹੋ ਗਈ ਹੈ। ਪਿੰਡ ਹਰਚੰਦਪੁਰਾ ਲਾਗੇ ਪੰਜਾਬ ਸਰਕਾਰ ਦੀਆਂ ਟੀਮਾਂ ਅਤੇ ਸਥਾਨਕ ਲੋਕਾਂ ਨੇ ਬੰਨ੍ਹ ਨੂੰ ਫੌਰੀ ਉੱਚਾ ਕਰਨਾ ਸ਼ੁਰੂ ਕਰ ਦਿੱਤਾ ਹੈ। ਘੱਗਰ ਦਰਿਆ ਦਾ ਪਾਣੀ ਅੱਜ ਨਰਵਾਣਾ ਬਰਾਂਚ ਵਿੱਚ ਪਿੰਡ ਸਰਾਲਾਂ ਕਲਾਂ ਕੋਲੋਂ ਪੈਣਾ ਸ਼ੁਰੂ ਹੋ ਗਿਆ ਅਤੇ ਕਰੀਬ ਚਾਰ ਹਜ਼ਾਰ ਕਿਊਸਕ ਪਾਣੀ ਹਰਿਆਣਾ ਵੱਲ ਜਾਣਾ ਸ਼ੁਰੂ ਹੋ ਗਿਆ ਹੈ। ਮੁਹਾਲੀ ਦੇ ਨੇੜਲੇ ਖੇਤਰਾਂ ਦਾ ਪਾਣੀ ਸਤਲੁਜ-ਯਮੁਨਾ ਨਹਿਰ ਵਿੱਚ ਪੈਣਾ ਸ਼ੁਰੂ ਹੋ ਗਿਆ ਹੈ। ਟਾਂਗਰੀ ਅਤੇ ਮਾਰਕੰਡਾ ਦੇ ਪਾਣੀ ਨੇ ਘੱਗਰ ਦਰਿਆ ਨੂੰ ਆਪੇ ਤੋਂ ਬਾਹਰ ਕਰ ਦਿੱਤਾ ਹੈ। ਟਾਂਗਰੀ ’ਚੋਂ 45,775 ਕਿਊਸਕ ਅਤੇ ਮਾਰਕੰਡਾ ’ਚੋਂ 43,871 ਕਿਊਸਕ ਪਾਣੀ ਘੱਗਰ ’ਚ ਪੈ ਰਿਹਾ ਹੈ।ਪਟਿਆਲਾ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਅੱਜ ਘੱਗਰ ਨੇੜਲੇ ਪਿੰਡ ਬਾਦਸ਼ਾਹਪੁਰ ’ਚ ਸਥਿਤੀ ਦਾ ਜਾਇਜ਼ਾ ਲਿਆ। ਸੰਗਰੂਰ ਪ੍ਰਸ਼ਾਸਨ ਨੇ ਮਕਰੋੜ ਸਾਹਿਬ ਨੇੜਲੇ ਪਿੰਡਾਂ ਨੂੰ ਪਸ਼ੂਆਂ ਸਮੇਤ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਹਦਾਇਤ ਕੀਤੀ ਹੈ। ਲੋਕ ਘੱਗਰ ਦੀ ਮਾਰ ਦੇ ਡਰੋਂ ਘਰ ਖ਼ਾਲੀ ਕਰਨ ਲੱਗ ਪਏ ਹਨ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਮੀਂਹ ਦੌਰਾਨ ਘੱਗਰ ਦੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ। ਘੱਗਰ ’ਚ ਅੱਜ ਪਹਾੜਾਂ ’ਚੋਂ ਪਾਣੀ ਦੀ ਆਮਦ ਕੇਵਲ 5898 ਕਿਊਸਕ ਰਹੀ ਪ੍ਰੰਤੂ ਸਰਦੂਲਗੜ੍ਹ ਕੋਲ ਦੋ ਹਜ਼ਾਰ ਕਿਊਸਕ ਦਾ ਵਾਧਾ ਹੋਇਆ ਹੈ।ਮਾਨਸਾ ਦੀ ਡਿਪਟੀ ਕਮਿਸ਼ਨਰ ਨੇ ਸਰਦੂਲਗੜ੍ਹ ਅਤੇ ਚਾਂਦਪੁਰਾ ਬੰਨ੍ਹ ਦਾ ਦੌਰਾ ਕੀਤਾ। ਉਥੇ ਸਥਿਤੀ ਹਾਲੇ ਕੰਟਰੋਲ ਹੇਠ ਦੱਸੀ ਜਾ ਰਹੀ ਹੈ। ਘੱਗਰ ਦਾ ਪਾਣੀ ਕਈ ਥਾਵਾਂ ਤੋਂ ਅੱਜ ਲਾਗਲੇ ਖੇਤਾਂ ਵਿੱਚ ਦਾਖ਼ਲ ਹੋਣ ਦਾ ਵੀ ਸਮਾਚਾਰ ਹੈ। ਫ਼ੌਜ, ਐੱਨ ਡੀ ਆਰ ਐੱਫ ਅਤੇ ਪੁਲੀਸ ਦੀਆਂ ਟੀਮਾਂ ਨੇ ਘੱਗਰ ਦੇ ਖੇਤਰ ’ਚ ਮੁਸਤੈਦੀ ਵਧਾ ਦਿੱਤੀ ਹੈ ਅਤੇ ਸੂਬਾ ਸਰਕਾਰ ਨੇ ਘੱਗਰ ਵਾਸਤੇ ਕਰੀਬ ਚਾਰ ਲੱਖ ਥੈਲੇ ਰਾਖਵੇਂ ਰੱਖੇ ਹੋਏ ਹਨ। ਭਾਖੜਾ ਡੈਮ ’ਚ ਪਾਣੀ ਦਾ ਪੱਧਰ 1679.02 ਫੁੱਟ ’ਤੇ ਪਹੁੰਚ ਗਿਆ ਅਤੇ ਡੈਮ ’ਚ ਪਾਣੀ ਦੀ ਆਮਦ 80 ਹਜ਼ਾਰ ਕਿਊਸਕ ਰਹੀ ਹੈ। ਡੈਮ ’ਚ ਵਧ ਰਹੇ ਪਾਣੀ ਦੇ ਮੱਦੇਨਜ਼ਰ ਅੱਜ ਸਤਲੁਜ ਦਰਿਆ ’ਚ 10 ਹਜ਼ਾਰ ਕਿਊਸਕ ਵੱਧ ਪਾਣੀ ਛੱਡਿਆ ਗਿਆ। ਰੋਪੜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਨੇ ਨੰਗਲ ਅਤੇ ਆਨੰਦਪੁਰ ਸਾਹਿਬ ਦੇ ਸਤਲੁਜ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਆਖ ਦਿੱਤਾ ਹੈ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਸਰਾਲੀ ਕਾਲੋਨੀ ਲਾਗੇ ਸਤਲੁਜ ਦੇ ਬੰਨ੍ਹ ਦੇ ਕਮਜ਼ੋਰ ਪੈਣ ਦੀ ਭਿਣਕ ਪੈਂਦਿਆਂ ਹੀ ਪ੍ਰਸ਼ਾਸਨ ਉਥੇ ਪਹੁੰਚ ਗਿਆ। ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਦੇ ਧਰਮਕੋਟ ਹਲਕੇ ਦੇ ਅੱਧੀ ਦਰਜਨ ਪਿੰਡਾਂ ਵਿੱਚ ਵੀ ਪਾਣੀ ਦਾਖ਼ਲ ਹੋ ਗਿਆ ਹੈ। ਜ਼ਿਲ੍ਹਾ ਜਲੰਧਰ ਦੇ ਪਿੰਡ ਲਸਾੜਾ ਕੋਲ ਬੰਨ੍ਹ ਦੇਰ ਸ਼ਾਮ ਟੁੱਟਣ ਦਾ ਸਮਾਚਾਰ ਹੈ। ਸਤਲੁਜ ਤੇ ਬਿਆਸ ਦਾ ਪਾਣੀ ਹਰੀਕੇ ਕੋਲ 3.30 ਲੱਖ ਕਿਊਸਕ ਪੁੱਜ ਗਿਆ ਹੈ। ਫਾਜ਼ਿਲਕਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਦੀਆਂ ਮੁਸ਼ਕਲਾਂ ’ਚ ਹਾਲੇ ਕਮੀ ਨਹੀਂ ਆਈ ਹੈ। ਪੌਂਗ ਡੈਮ ’ਚ ਪਾਣੀ ਦਾ ਪੱਧਰ 1394.68 ਫੁੱਟ ਹੈ ਜੋ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ ਚਾਰ ਫੁੱਟ ਉਪਰ ਹੈ ਅਤੇ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ 526.752 ਮੀਟਰ ਹੈ। ਪੌਂਗ ਡੈਮ ’ਚੋਂ ਅੱਜ 99,673 ਅਤੇ ਰਣਜੀਤ ਸਾਗਰ ਡੈਮ ’ਚੋਂ 70,751 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਆਉਂਦੇ ਪੰਜ ਦਿਨ ਪੰਜਾਬ ’ਚ ਵੱਖ ਵੱਖ ਥਾਵਾਂ ’ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਵੱਖ ਵੱਖ ਜ਼ਿਲ੍ਹਿਆਂ ਲਈ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹੜ੍ਹ ਪ੍ਰਭਾਵਿਤ ਪਿੰਡਾਂ ’ਚ ਘਰਾਂ ਦੇ ਡਿੱਗਣ ਦਾ ਸਿਲਸਿਲਾ ਵੀ ਵਧ ਗਿਆ ਹੈ। ਰੇਲ ਗੱਡੀਆਂ ਨੂੰ ਵੀ ਰੱਦ ਕਰਨਾ ਪੈ ਰਿਹਾ ਹੈ ਜਲੰਧਰ-ਪਠਾਨਕੋਟ ਮੁੱਖ ਸੜਕ ਦਾ ਇੱਕ ਹਿੱਸਾ ਕੁੱਝ ਥਾਵਾਂ ਤੋਂ ਬੰਦ ਕਰਨਾ ਪਿਆ ਹੈ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login