ਹੜ੍ਹ ਪੀੜਤਾਂ ਦੀ ਮਦਦ ਲਈ ਰਾਤੋ-ਰਾਤ ਦੁਬਈ ਤੋਂ ਦੋ ਕਿਸ਼ਤੀਆਂ ਲਿਆਈ ਮੀਰਾ

ਹੜ੍ਹ ਪੀੜਤਾਂ ਦੀ ਮਦਦ ਲਈ ਰਾਤੋ-ਰਾਤ ਦੁਬਈ ਤੋਂ ਦੋ ਕਿਸ਼ਤੀਆਂ ਲਿਆਈ ਮੀਰਾ

ਫਿਰੋਜ਼ਪੁਰ, 9 ਸਤੰਬਰ : ਪੰਜਾਬ ਅੰਦਰ ਆਏ ਹੜ੍ਹਾਂ ਨਾ ਲ ਜਿੱਥੇ ਬਹੁਤ ਡੂੰਘੇ ਦਰਦ ਦਿੱਤੇ ਹਨ, ਉਥੇ ਭਾਈਚਾਰਕ ਸਾਝਾਂ ਵੀ ਹੋਰ ਪਕੇਰੀਆਂ ਕੀਤੀਆਂ ਹਨ। ਅੱਜ ਇੱਥੇ ਹੜ੍ਹਾਂ ਵਿਚ ਫਸੇ ਲੋਕਾਂ ਵਾਸਤੇ ਕਿਸ਼ਤੀਆਂ ਅਤੇ ਹੋਰ ਘਰੇਲੂ ਰਾਹਤ ਸਮੱਗਰੀ ਲੈ ਕੇ ਪੁੱਜੀ ਮੀਰਾ, ਜੋ ਕਿ ਬਨੀ ਖੇਤ (ਡਲਹੌਜ਼ੀ) ਹਿਮਾਚਲ ਪ੍ਰਦੇਸ਼ ਵਿਖੇ ਮੀਰਾ ਮੈਡੀਟੇਸ਼ਨ ਐਂਡ ਵੈੱਲਨੈੱਸ ਸੈਂਟਰ ਚਲਾਉਂਦੀ ਹੈ, ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਆਏ ਹੜ੍ਹਾਂ ਸਬੰਧੀ ਖ਼ਬਰਾਂ ਵਿੱਚ ਸੁਣਿਆ ਤਾਂ ਉਸ ਤੋਂ ਦਰਦ ਦੇਖਿਆ ਨਹੀਂ ਗਿਆ।ਉਸ ਨੇ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀ ਅਤੇ ਉਸ ਨੂੰ ਭਾਰਤ ਵਿੱਚੋਂ ਕਿਸ਼ਤੀਆਂ ਜਲਦੀ ਨਹੀਂ ਮਿਲ ਰਹੀਆਂ ਸਨ ਤਾਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੀ, ਜਿੱਥੋਂ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਕੇ ਦੁਬਈ ਗਈ। ਮੀਰਾ ਇੱਕ ਦਿਨ ਵਿੱਚ ਦੋ ਕਿਸ਼ਤੀਆਂ ਖਰੀਦ ਕੇ ਲਿਆਈ ਅਤੇ ਫਿਰੋਜ਼ਪੁਰ ਦੇ ਪਿੰਡ ਹਾਮਦ ਚੱਕ ਵਿਖੇ ਪੁੱਜ ਕੇ ਕਿਸ਼ਤੀਆਂ ਗਾਇਕ ਇੰਦਰਜੀਤ ਨਿੱਕੂ ਤੇ ਖਾਲਸਾ ਏਡ ਦੀ ਟੀਮ ਦੇ ਹਵਾਲੇ ਕਰ ਦਿੱਤੀਆਂ। ਉਸ ਨੇ ਕਿਹਾ ਕਿ ਉਹ ਭੈਣਾਂ ਅਤੇ ਬੱਚਿਆਂ ਲਈ ਵੀ ਜ਼ਰੂਰੀ ਸਾਮਾਨ ਲੈ ਕੇ ਆਈ ਹੈ। ਮੀਰਾ ਇਸ ਤੋਂ ਇਲਾਵਾ ਦਵਾਈਆਂ ਵੀ ਲਿਆਈ, ਜੋ ਲੋੜਵੰਦ ਲੋਕਾਂ ਨੂੰ ਦਿੱਤੀਆਂ ਹਨ। ਇਸ ਮੌਕੇ ਗਾਇਕ ਇੰਦਰਜੀਤ ਨਿੱਕੂ, ਯੁੱਧਵੀਰ ਮਾਣਕ, ਗਾਮਾ ਸਿੱਧੂ, ਅਵਤਾਰ ਭੁੱਲਰ, ਅਦਾਕਾਰਾ ਅਰਵਿੰਦਰ ਕੌਰ, ਪ੍ਰਭਜੋਤ ਸਿੰਘ, ਪ੍ਰਿੰਸ ਖਾਲਸਾ ਖਲਚੀਆਂ, ਹਰਸ਼ ਅਰੋੜਾ, ਆਰੀਅਨ, ਧਰਮਿੰਦਰ ਚੰਡੀਗੜ੍ਹ, ਰਮਨਦੀਪ ਕੌਰ, ਅਮਨਦੀਪ ਕੌਰ, ਦਲਜੀਤ ਸਿੰਘ ਮਹਾਲਮ, ਮੁੱਖਾ ਵਿਰਕ, ਅਮਨ ਬੋਪਾਰਾਏ ਅਤੇ ਰਿਸ਼ੀ ਰਾਹੀ ਹਾਜ਼ਰ ਸਨ।

You must be logged in to post a comment Login