ਪਾਤੜਾਂ, 9 ਸਤੰਬਰ : ਪਿੰਡ ਰਸੌਲੀ ਵਿੱਚ ਇੱਕ ਕਿਸਾਨ ਦੇ ਖੇਤ ਵਿੱਚ ਮੋਮੀਆਂ ਡਰੇਨ ਦਾ ਪਾਣੀ ਭਰ ਗਿਆ। ਡੁੱਬਿਆ ਝੋਨਾ ਦੇਖ ਕੇ ਕਿਸਾਨ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਿੰਡ ਵਿੱਚ ਗਰੀਬਾਂ ਦੇ ਸ਼ਮਸ਼ਾਨਘਾਟ ਵਿੱਚ ਪਾਣੀ ਭਰਿਆ ਹੋਣ ਕਰਕੇ ਮ੍ਰਿਤਕ ਦਾ ਸਸਕਾਰ ਡਰੇਨ ਦੇ ਕੰਢੇ ਕਰਨਾ ਪਿਆ।ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਪਿੰਡ ਸ਼ੁਤਰਾਣਾ ਦੇ ਮੋਹਨ ਲਾਲ ਦੀ ਦਿਲ ਦੀ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।ਪਿੰਡ ਰਸੌਲੀ ਦੇ ਸਰਪੰਚ ਜਗਸੀਰ ਸਿੰਘ ਧਾਲੀਵਾਲ, ਸੁਭਾਸ਼ ਚੰਦ, ਮਾਮ ਰਾਜ, ਰਾਜਪਾਲ ਨੇ ਦੱਸਿਆ ਕਿ ਰਣ ਸਿੰਘ (60) ਪੁੱਤਰ ਜੈ ਸਿੰਘ ਕੋਲ ਮਹਿਜ਼ ਇੱਕ ਕਿੱਲਾ ਜ਼ਮੀਨ ਸੀ। ਉਸ ਦੇ ਖੇਤ ਵਿੱਚ ਮੋਮੀਆਂ ਡਰੇਨ ਦਾ ਪਾਣੀ ਭਰ ਗਿਆ। ਐਤਵਾਰ ਸਵੇਰੇ ਜਦੋਂ ਰਣ ਸਿੰਘ ਖੇਤ ਗੇੜਾ ਮਾਰਨ ਗਿਆ ਤਾਂ ਝੋਨਾ ਡੁੱਬਿਆ ਦੇਖ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਲਾਜ ਲਈ ਲਿਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
You must be logged in to post a comment Login