ਪੰਜਾਬ ਸਰਕਾਰ ਨੇ ਚੁੱਕੀ ਮੌਸਮ ਵਿਭਾਗ ’ਤੇ ਉਂਗਲ

ਪੰਜਾਬ ਸਰਕਾਰ ਨੇ ਚੁੱਕੀ ਮੌਸਮ ਵਿਭਾਗ ’ਤੇ ਉਂਗਲ

ਚੰਡੀਗੜ੍ਹ, 10 ਸਤੰਬਰ : ਪੰਜਾਬ ਸਰਕਾਰ ਨੇ ਸੂਬੇ ਨੂੰ ਹੜ੍ਹਾਂ ਦੀ ਮਾਰ ਦੇ ਮੱਦੇਨਜ਼ਰ ਭਾਰਤੀ ਮੌਸਮ ਵਿਭਾਗ ’ਤੇ ਉਂਗਲ ਚੁੱਕੀ ਹੈ। ਦਰਅਸਲ, ਐਤਕੀਂ ਮੌਸਮ ਵਿਭਾਗ ਦੀ ਗਿਣਤੀ-ਮਿਣਤੀ ਕਈ ਵਾਰ ਫੇਲ੍ਹ ਸਾਬਿਤ ਹੋਈ ਹੈ। ਹਕੀਕਤ ’ਚ ਰਣਜੀਤ ਸਾਗਰ ਡੈਮ ਦੇ ਖੇਤਰ ’ਚ ਪਏ ਮੀਂਹ ਅਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਆਪਸ ’ਚ ਮੇਲ ਨਹੀਂ ਖਾ ਰਹੀ। ਜਲ ਸਰੋਤ ਵਿਭਾਗ ਨੇ ਲੰਘੇ ਕੱਲ੍ਹ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਲਿਖ ਕੇ ਮੀਂਹ ਦੀ ਕੀਤੀ ਭਵਿੱਖਬਾਣੀ ਬਾਰੇ ਕਈ ਨੁਕਤੇ ਚੁੱਕੇ ਹਨ। ਦੱਸਣਯੋਗ ਹੈ ਕਿ ਡੈਮਾਂ ’ਚ ਇਸ ਵਾਰ ਪਹਾੜੀ ਇਲਾਕਿਆਂ ’ਚੋਂ ਅਣਕਿਆਸਿਆ ਪਾਣੀ ਆਇਆ ਹੈ। ਡੈਮਾਂ ਦੇ ਫਲੱਡ ਗੇਟ ਜਿਉਂ ਹੀ ਖੁੱਲ੍ਹਣੇ ਸ਼ੁਰੂ ਹੋਏ ਤਾਂ ਹੜ੍ਹਾਂ ਦਾ ਖ਼ਤਰਾ ਬਣ ਗਿਆ। ਰਣਜੀਤ ਸਾਗਰ ਡੈਮ ਦੇ ਖੇਤਰ ਲਈ ਮੌਸਮ ਵਿਭਾਗ ਵੱਲੋਂ 17 ਤੋਂ 29 ਅਗਸਤ ਤੱਕ ਦੀ ਕੀਤੀ ਹਫ਼ਤਾਵਾਰੀ ਭਵਿੱਖਬਾਣੀ ਅਤੇ ਹਕੀਕਤ ’ਚ ਪਏ ਮੀਂਹ ਦੇ ਵੇਰਵੇ ਵੀ ਸਾਂਝੇ ਕੀਤੇ ਗਏ ਹਨ। ਪੱਤਰ ਅਨੁਸਾਰ ਭਾਰਤੀ ਮੌਸਮ ਵਿਭਾਗ ਵੱਲੋਂ ਕੀਤੀ ਜਾਂਦੀ ਮੌਸਮ ਦੀ ਹਫ਼ਤਾਵਾਰੀ ਭਵਿੱਖਬਾਣੀ ਦੇ ਆਧਾਰ ’ਤੇ ਹੀ ਡੈਮਾਂ ਦੇ ਰੈਗੂਲੇਸ਼ਨ ਅਤੇ ਇਨ੍ਹਾਂ ’ਚੋਂ ਪਾਣੀ ਛੱਡਣ ਦੀ ਯੋਜਨਾਬੰਦੀ ਕੀਤੀ ਜਾਂਦੀ ਹੈ।ਪੱਤਰ ’ਚ ਲਿਖਿਆ ਗਿਆ ਹੈ ਕਿ ਮੌਸਮ ਦੀ ਭਵਿੱਖਬਾਣੀ ਠੀਕ ਹੋਣਾ ਡੈਮਾਂ ਦੇ ਅਪਰੇਸ਼ਨ ਲਈ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਮੌਸਮ ਵਿਭਾਗ ਦਾ ਹਫ਼ਤਾਵਾਰੀ ਅਨੁਮਾਨ ਠੀਕ ਨਹੀਂ ਰਿਹਾ। ਇਹ ਵੀ ਕਿਹਾ ਗਿਆ ਹੈ ਕਿ ਅਣਕਿਆਸੇ ਮੀਂਹ ਬਾਰੇ ਮੌਸਮ ਵਿਭਾਗ ਦੀ ਕੋਈ ਭਵਿੱਖਬਾਣੀ ਨਹੀਂ ਸੀ ਅਤੇ ਖ਼ਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਚੰਬਾ ਅਤੇ ਕਾਂਗੜਾ ਖੇਤਰ ਬਾਰੇ। ਪੱਤਰ ਮੁਤਾਬਕ 24 ਤੋਂ 26 ਅਗਸਤ ਦਰਮਿਆਨ ਅਣਕਿਆਸਿਆ ਮੀਂਹ ਪਿਆ ਜਿਸ ਦਾ ਰਣਜੀਤ ਸਾਗਰ ਡੈਮ ਦੀ ਰੈਗੂਲੇਸ਼ਨ ਅਤੇ ਪਾਣੀ ਛੱਡਣ ’ਤੇ ਮਾੜਾ ਅਸਰ ਪਿਆ।

You must be logged in to post a comment Login