ਅਬੂ ਧਾਬੀ, 10 ਸਤੰਬਰ :ਅਫਗਾਨਿਸਤਾਨ ਨੇ ਮੰਗਲਵਾਰ ਨੂੰ ਇੱਥੇ ਸ਼ੇਖ ਜਾਏਦ ਸਟੇਡੀਅਮ ‘ਚ ਏਸ਼ੀਆ ਕੱਪ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ’ਚ ਹਾਂਗਕਾਂਗ ਨੂੰ 94 ਦੌੜਾਂ ਨਾਲ ਹਰਾ ਦਿੱਤਾ। ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਸਲਾਮੀ ਬੱਲੇਬਾਜ਼ ਸਦੀਕਉੱਲ੍ਹਾ ਅਟਲ ਅਤੇ ਅਜ਼ਮਤੁੱਲਾ ਉਮਰਜ਼ਈ ਨੇ ਸ਼ਾਨਦਾਰ ਅਰਧ ਸੈਂਕੜੇ ਲਗਾਏ ਜਿਸ ਨਾਲ ਅਫਗਾਨਿਸਤਾਨ ਨੇ ਛੇ ਵਿਕਟਾਂ ‘ਤੇ 188 ਦੌੜਾਂ ਬਣਾਈਆਂ।ਅਟਲ (52 ਗੇਂਦਾਂ ‘ਤੇ ਅਜੇਤੂ 73) ਅਤੇ ਮੁਹੰਮਦ ਨਬੀ (33) ਨੇ ਤੀਜੇ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਕੀਤੀ, ਇਸ ਤੋਂ ਪਹਿਲਾਂ ਉਮਰਜ਼ਈ ਨੇ 21 ਗੇਂਦਾਂ ‘ਤੇ 53 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।ਜਵਾਬ ਵਿੱਚ, ਹਾਂਗਕਾਂਗ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ ਸਿਰਫ਼ 94 ਦੌੜਾਂ ਹੀ ਬਣਾ ਸਕੀ। ਹਾਂਗਕਾਂਗ ਲਈ ਬਾਬਰ ਹਯਾਤ ਨੇ ਸਭ ਤੋਂ ਵੱਧ 43 ਗੇਂਦਾਂ ਵਿੱਚ 39 ਦੌੜਾਂ ਬਣਾਈਆਂ। ਅਫ਼ਗਾਨਿਸਤਾਨ ਲਈ ਫਜ਼ਲਹਕ ਫਾਰੂਕੀ (2/16) ਅਤੇ ਗੁਲਬਦੀਨ ਨਾਇਬ (2/8) ਨੇ 2-2 ਵਿਕਟਾਂ ਲਈਆਂ, ਜਦੋਂਕਿ ਅਜ਼ਮਤੁੱਲਾ ਉਮਰਜ਼ਈ (1/4) ਅਤੇ ਨੂਰ ਅਹਿਮਦ (1/16) ਨੂੰ 1-1 ਵਿਕਟ ਮਿਲੀ।ਹਾਂਗਕਾਂਗ ਲਈ, ਕਿੰਚਿਤ ਸ਼ਾਹ (2/24) ਅਤੇ ਆਯੂਸ਼ ਸ਼ੁਕਲਾ (2/54) ਨੇ 2-2 ਵਿਕਟਾਂ ਲਈਆਂ ਅਤੇ ਅਤੀਕ ਇਕਬਾਲ (1/7) ਅਤੇ ਅਹਿਸਾਨ ਖਾਨ (1/28) ਨੇ ਇੱਕ-ਇੱਕ ਵਿਕਟ ਲਈ।ਏਸ਼ੀਆ ਕੱਪ 2025 ਦੀ ਸ਼ੁਰੂਆਤ ਇਸ ਮੈਚ ਨਾਲ ਹੋ ਗਈ ਹੈ। ਅਜ਼ਮਤੁੱਲਾ ਓਮਰਜ਼ਈ ਨੇ ਹਾਂਗਕਾਂਗ ਵਿਰੁੱਧ 20 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਇਆ ਪਰ ਅਗਲੀ ਹੀ ਗੇਂਦ ’ਤੇ ਆਪਣੀ ਵਿਕਟ ਗੁਆ ਦਿੱਤੀ। ਅਜ਼ਮਤੁੱਲਾ ਨੇ ਸਦੀਕੁੱਲਾ ਅਟਲ ਨਾਲ ਮਿਲ ਕੇ ਪੰਜਵੀਂ ਵਿਕਟ ਲਈ 82 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਅਫਗਾਨਿਸਤਾਨ ਦਾ ਸਕੋਰ 175 ਦੌੜਾਂ ਤੋਂ ਪਾਰ ਹੋ ਗਿਆ।ਅਜ਼ਮਤੁੱਲਾ 21 ਗੇਂਦਾਂ ਵਿੱਚ ਦੋ ਚੌਕੇ ਅਤੇ ਪੰਜ ਛੱਕਿਆਂ ਦੀ ਮਦਦ ਨਾਲ 53 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਅਜ਼ਮਤੁੱਲਾ ਤੋਂ ਪਹਿਲਾਂ, ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਸਦੀਕੁੱਲਾ ਅਟਲ ਨੇ ਹਾਂਗਕਾਂਗ ਵਿਰੁੱਧ 51 ਗੇਂਦਾਂ ‘ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।ਅਜਮਤੁੱਲਾ ਅਤੇ ਸਦੀਕੁੱਲਾ ਵਿਚਕਾਰ ਚੰਗੀ ਸਾਂਝੇਦਾਰੀ ਸੀ ਅਤੇ ਦੋਵੇਂ ਬੱਲੇਬਾਜ਼ ਹਮਲਾਵਰ ਖੇਡ ਰਹੇ ਸਨ ਪਰ ਆਯੁਸ਼ ਸ਼ੁਕਲਾ ਨੇ ਅਜਮਤੁੱਲਾ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜ ਦਿੱਤਾ।ਅਫਗਾਨਿਸਤਾਨ ਨੂੰ ਚੌਥਾ ਝਟਕਾ ਗੁਲਬਦੀਨ ਨਾਇਬ ਦੇ ਰੂਪ ਵਿੱਚ ਲੱਗਾ ਜੋ ਪੰਜ ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਗੁਲਬਦੀਨ ਤੋਂ ਪਹਿਲਾਂ ਮੁਹੰਮਦ ਨਬੀ ਨੇ ਵੀ ਆਪਣੀ ਵਿਕਟ ਗੁਆ ਦਿੱਤੀ।ਸ਼ੁਰੂਆਤੀ ਝਟਕੇ ਤੋਂ ਬਾਅਦ ਨਬੀ ਨੇ ਸਦੀਕੁੱਲਾ ਦੇ ਨਾਲ ਮਿਲ ਕੇ ਅਫਗਾਨਿਸਤਾਨ ਦੀ ਕਮਾਨ ਸੰਭਾਲੀ ਅਤੇ ਦੋਵਾਂ ਬੱਲੇਬਾਜ਼ਾਂ ਵਿਚਕਾਰ ਤੀਜੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਹੋਈ। ਨਬੀ 26 ਗੇਂਦਾਂ ‘ਤੇ ਤਿੰਨ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 33 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਉਸਨੂੰ ਕੇਡੀ ਸ਼ਾਹ ਨੇ ਆਪਣਾ ਸ਼ਿਕਾਰ ਬਣਾਇਆ। ਸ਼ੁਰੂਆਤੀ ਝਟਕਿਆਂ ਤੋਂ ਬਾਅਦ ਸਦੀਕੁੱਲਾ ਅਤੇ ਨਬੀ ਨੇ ਟੀਮ ਦੀ ਪਾਰੀ ਦੀ ਕਮਾਨ ਸੰਭਾਲੀ, ਜਿਸ ਕਾਰਨ ਅਫਗਾਨਿਸਤਾਨ 50 ਦੌੜਾਂ ਦਾ ਅੰਕੜਾ ਪਾਰ ਕਰਨ ਦੇ ਯੋਗ ਹੋ ਗਿਆ।

You must be logged in to post a comment Login