ਘੱਗਰ ਦੀ ਚਾਲ ਸੁਸਤ, ਸਿਆਸੀ ਹੜ੍ਹ ਤੇਜ਼

ਘੱਗਰ ਦੀ ਚਾਲ ਸੁਸਤ, ਸਿਆਸੀ ਹੜ੍ਹ ਤੇਜ਼

ਚੰਡੀਗੜ੍ਹ, 11 ਸਤੰਬਰ : ਘੱਗਰ ਦਰਿਆ ਦਾ ਖ਼ਤਰਾ ਭਾਵੇਂ ਟਲ ਗਿਆ ਹੈ ਪ੍ਰੰਤੂ ਪਾਣੀ ਦੀ ਨਿਕਾਸੀ ਹਾਲੇ ਕੀੜੀ ਦੀ ਚਾਲ ਵਾਂਗ ਹੋ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ ਘੱਗਰ ਨੂੰ ਖ਼ਾਲੀ ਹੋਣ ’ਤੇ ਕਰੀਬ ਇੱਕ ਹਫ਼ਤੇ ਦਾ ਸਮਾਂ ਲੱਗੇਗਾ। ਘੱਗਰ ’ਚ ਹੁਣ ਪਾਣੀ ਨਾ ਘਟਿਆ ਹੈ ਅਤੇ ਨਾ ਹੀ ਵਧਿਆ ਹੈ। ਪੰਜਾਬ ’ਚ ਜਿਵੇਂ ਹੀ ਹੜ੍ਹਾਂ ਦੀ ਮਾਰ ਨੂੰ ਠੱਲ੍ਹ ਪਈ ਤਾਂ ਰਾਹਤ ਫੰਡਾਂ ਨੂੰ ਲੈ ਕੇ ਸਿਆਸੀ ਆਗੂ ਆਪਣਾ ਰੰਗ ਦਿਖਾਉਣ ਲੱਗ ਪਏ ਹਨ। ਸਿਆਸੀ ਠਿੱਬੀ ਲਾਉਣ ਲਈ ਆਗੂ ਮੈਦਾਨ ’ਚ ਉੱਤਰ ਆਏ ਹਨ ਜਦੋਂ ਕਿ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਅਤੇ ਹੋਰ ਤਬਕੇ ਹਾਲੇ ਵੀ ਰਾਹਤ ਕੰਮਾਂ ’ਚ ਜੁਟੇ ਹੋਏ ਹਨ। ਸਿਆਸੀ ਧਿਰਾਂ ਨੇ ਆਪਣਾ ਮੁਹਾਣ ਸਿਆਸਤ ’ਤੇ ਕੇਂਦਰਤ ਕਰ ਲਿਆ ਹੈ।ਜਲ ਸਰੋਤ ਵਿਭਾਗ ਨੇ ਮੁਲਾਂਕਣ ਕੀਤਾ ਹੈ ਕਿ ਘੱਗਰ ’ਚ ਪਾਣੀ ਉੱਤਰਨ ਨੂੰ ਹਾਲੇ ਇਕ ਹਫ਼ਤਾ ਹੋਰ ਲੱਗ ਸਕਦਾ ਹੈ। ਘੱਗਰ ’ਚ ਕੁੱਲ 4.50 ਲੱਖ ਕਿਊਸਕ ਪਾਣੀ ਆਇਆ ਸੀ ਜਿਸ ’ਚੋਂ ਕਰੀਬ ਇੱਕ ਲੱਖ ਕਿਊਸਕ ਹਾਲੇ ਵੀ ਚੱਲ ਰਿਹਾ ਹੈ। ਮੂਨਕ ਨੇੜੇ ਮਕਰੋੜ ਸਾਹਿਬ ਕੋਲ ਪਾਣੀ ਦੀ ਨਿਕਾਸੀ ਸਿਰਫ਼ ਨੌਂ ਹਜ਼ਾਰ ਕਿਊਸਕ ਦੀ ਹੈ ਜਿਸ ਕਰਕੇ ਘੱਗਰ ਦੇ ਉੱਤਰਨ ’ਤੇ ਸਮਾਂ ਲੱਗ ਸਕਦਾ ਹੈ। ਸਰਦੂਲਗੜ੍ਹ ਕੋਲ ਘੱਗਰ ’ਚ 10 ਹਜ਼ਾਰ ਕਿਊਸਕ ਪਾਣੀ ਦੀ ਕਮੀ ਆਈ ਹੈ। ਟਾਂਗਰੀ ਅਤੇ ਮਾਰਕੰਡਾ ਦਾ ਪਾਣੀ ਜਿਉਂ ਦਾ ਤਿਉਂ ਹੈ।

You must be logged in to post a comment Login