ਪਾਕਿਸਤਾਨ ਖਿਲਾਫ਼ ਜਿੱਤ ਭਾਰਤੀ ਹਥਿਆਰਬੰਦ ਬਲਾਂ ਨੂੰ ਸਮਰਪਿਤ: ਸੂਰਿਆ

ਪਾਕਿਸਤਾਨ ਖਿਲਾਫ਼ ਜਿੱਤ ਭਾਰਤੀ ਹਥਿਆਰਬੰਦ ਬਲਾਂ ਨੂੰ ਸਮਰਪਿਤ: ਸੂਰਿਆ

ਦੁਬਈ, 14 ਸਤੰਬਰ : ਕਪਤਾਨ ਸੂਰਿਆਕੁਮਾਰ ਯਾਦਵ ਨੇ ਐਤਵਾਰ ਨੂੰ ਏਸ਼ੀਆ ਕੱਪ ਵਿਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਭਾਰਤੀ ਟੀਮ ਦੀ ਸੱਤ ਵਿਕਟਾਂ ਨਾਲ ਜਿੱਤ ਦੇਸ਼ ਦੇ ਹਥਿਆਰਬੰਦ ਬਲਾਂ ਨੂੰ ਸਮਰਪਿਤ ਕੀਤੀ ਹੈ। ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨਾਲ ਖੜ੍ਹੀ ਹੈ। ਸੂਰਿਆਕੁਮਾਰ ਨੇ ਇਹ ਟਿੱਪਣੀ ਉਦੋਂ ਕੀਤੀ ਹੈ ਜਦੋਂ ਉਨ੍ਹਾਂ ਦੀ ਟੀਮ ਨੇ ਟੂਰਨਾਮੈਂਟ ਵਿਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਐਤਕੀਂ ਇਹ ਜਿੱਤ ਰਵਾਇਤੀ ਵਿਰੋਧੀ ਖਿਲਾਫ਼ ਸੀ। ਪਹਿਲਗਾਮ ਦਹਿਸ਼ਤੀ ਹਮਲੇ ਤੇ ਉਸ ਮਗਰੋਂ ਮਈ ਵਿਚ ਸਰਹੱਦ ਪਾਰ ਦਹਿਸ਼ਤੀ ਢਾਂਚੇ ਖਿਲਾਫ਼ ਭਾਰਤ ਵੱਲੋਂ ਸ਼ੁਰੂ ਕੀਤੇ ਗਏ ‘ਅਪਰੇਸ਼ਨ ਸਿੰਧੂਰ’ ਮਗਰੋਂ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਪਹਿਲੀ ਵਾਰ ਇਕ ਦੂਜੇ ਦੇ ਆਹਮੋ ਸਾਹਮਣੇ ਹੋਈਆਂ ਹਨ। ਸੂਰਿਆਕੁਮਾਰ ਨੇ ਮੈਚ ਮਗਰੋਂ ਬਰੌਡਕਾਸਟਰ ਨੂੰ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਬਿਹਤਰੀਨ ਮੌਕਾ ਹੈ ਤੇ ਅਸੀਂ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ ਤੇ ਉਨ੍ਹਾਂ ਨਾਲ ਇਕਜੁੱਟਤਾ ਪ੍ਰਗਟਾਉਂਦੇ ਹਾਂ।’’ ਭਾਰਤੀ ਕਪਤਾਨ ਨੇ ਕਿਹਾ, ‘‘ਮੇਰੇ ਲਈ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸੀਂ ਅੱਜ ਦੀ ਇਹ ਜਿੱਤ ਆਪਣੇ ਸਾਰੇ ਹਥਿਆਰਬੰਦ ਬਲਾਂ ਨੂੰ ਸਮਰਪਿਤ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਵੱਡੀ ਦਲੇਰੀ ਦਿਖਾਈ ਅਤੇ ਆਸ ਕਰਦਾ ਹਾਂ ਕਿ ਉਹ ਸਾਨੂੰ ਪ੍ਰੇਰਨਾ ਦਿੰਦੇ ਰਹਿਣਗੇ। ਜਦੋਂ ਵੀ ਸਾਨੂੰ ਮੌਕਾ ਮਿਲਿਆ ਅਸੀਂ ਉਨ੍ਹਾਂ ਨੂੰ ਮੁਸਕਰਾਉਣ ਦਾ ਇਕ ਹੋਰ ਕਾਰਨ ਦੇਵਾਂਗੇ।’’ ਮੈਚ ਮਗਰੋਂ ਭਾਰਤੀ ਟੀਮ ਦੇ ਖਿਡਾਰੀਆਂ ਨੇ ਪਾਕਿਸਤਾਨੀ ਟੀਮ ਦੇ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ, ਜਿਵੇਂ ਕਿ ਆਮ ਤੌਰ ’ਤੇ ਟੀਮਾਂ ਕਿਸੇ ਵੀ ਮੁਕਾਬਲੇ ਤੋਂ ਬਾਅਦ ਕਰਦੀਆਂ ਹਨ।

You must be logged in to post a comment Login