ਚੰਡੀਗੜ੍ਹ, 15 ਸਤੰਬਰ :ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਜਿੱਥੇ ਵੀ ਜਾਂਦੇ ਹਨ, ਪੰਜਾਬ ਦਾ ਸੱਭਿਆਚਾਰ ਹਮੇਸ਼ਾ ਆਪਣੇ ਨਾਲ ਲੈ ਕੇ ਜਾਂਦੇ ਹਨ। ਪਰ ਦਿਲਜੀਤ ਦੀ ਮਕਬੂਲੀਅਤ ਦੇ ਚਲਦਿਆਂ ਹੁਣ ਵਿਦੇਸ਼ਾਂ ਵਿੱਚ ਰਹਿਣ ਵਾਲਿਆਂ ਨੇ ਵੀ ਉਨ੍ਹਾਂ ਦਾ ਸਵਾਗਤ ਪੰਜਾਬ ਦੀਆਂ ਰਸਮਾਂ-ਰੀਤਾਂ ਅਨੁਸਾਰ ਕਰਨਾ ਸ਼ੁਰੂ ਕਰ ਦਿੱਤਾ ਹੈ।ਦਿਲਜੀਤ ਦੋਸਾਂਝ ਦਾ ਐਪਲ ਮਿਊਜ਼ਿਕ ਵੱਲੋਂ ਲਾਸ ਏਂਜਲਸ ਵਿਚ ਪੰਜਾਬ ਦੇ ਰਿਵਾਇਤੀ ਅੰਦਾਜ਼ ਵਿੱਚ ਸਵਾਗਤ ਕੀਤਾ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਕਲਿੱਪ ਵਿੱਚ ਦਿਲਜੀਤ ਨੂੰ ਐਪਲ ਮਿਊਜ਼ਿਕ ਸਟੂਡੀਓ ਵਿੱਚ ਦਾਖਲ ਹੁੰਦੇ ਦੇਖਿਆ ਜਾ ਸਕਦਾ ਹੈ, ਜਿੱਥੇ ਉਨ੍ਹਾਂ ਦਾ ਪੰਜਾਬੀ ਸੱਭਿਆਚਾਰ ਦੀ ਰਵਾਇਤ ਮੁਤਾਬਕ ‘ਸਰ੍ਹੋਂ ਦਾ ਤੇਲ ਚੋਣ’ ਦੀ ਰਸਮ ਨਾਲ ਸਵਾਗਤ ਕੀਤਾ ਗਿਆ। ਪ੍ਰਸ਼ੰਸਕ ਇਸ ਗੱਲ ਦੀ ਖੂਬ ਤਾਰੀਫ਼ ਕਰ ਰਹੇ ਹਨ ਕਿ ਕਿਵੇਂ ਇਸ ਗਲੋਬਲ ਪਲੇਟਫਾਰਮ ’ਤੇ ਭਾਰਤੀ ਖਾਸ ਕਰ ਪੰਜਾਬੀ ਸੱਭਿਆਚਾਰ ਨੂੰ ਇੰਨੇ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਗਿਆ।ਇੰਨਾ ਹੀ ਨਹੀਂ ਦਿਲਜੀਤ ਨੇ ਇੱਕ ਵੱਡਾ ਸਰਪ੍ਰਾਈਜ਼ ਵੀ ਦਿੱਤਾ! ਇਸ ਖਾਸ ਪਲ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਨਵੀਂ ਐਲਬਮ ਆਗਾਮੀ ਸਤੰਬਰ ਵਿੱਚ ਰਿਲੀਜ਼ ਹੋਵੇਗੀ, ਜਿਸ ਨਾਲ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਹੋਰ ਵੀ ਵਧ ਗਿਆ ਹੈ। ਐਪਲ ਮਿਊਜ਼ਿਕ ਨੇ ਵੀ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਇਸ ਪਲ ਦੀ ਝਲਕ ਸਾਂਝੀ ਕੀਤੀ ਹੈ।

You must be logged in to post a comment Login