ਮੈਚ ਰੈਫਰੀ ਐਂਡੀ ਪਾਇਕ੍ਰਾਫਟ ਨੂੰ ਹਟਾਉਣ ਬਾਰੇ PCB ਦੀ ਮੰਗ ICC ਵੱਲੋਂ ਰੱਦ

ਮੈਚ ਰੈਫਰੀ ਐਂਡੀ ਪਾਇਕ੍ਰਾਫਟ ਨੂੰ ਹਟਾਉਣ ਬਾਰੇ PCB ਦੀ ਮੰਗ ICC ਵੱਲੋਂ ਰੱਦ

ਦੁਬਈ, 17 ਸਤੰਬਰ : ਕੌਮਾਂਤਰੀ ਕ੍ਰਿਕਟ ਕੌਂਸਲ (ICC) ਨੇ ਦੁਬਈ ਵਿਚ ਚੱਲ ਰਹੇ ਏਸ਼ੀਆ ਕੱਪ ਟੀ-20 ਟੂਰਨਾਮੈਂਟ ਦੇ ਅੰਪਾਇਰਾਂ ਦੇ ਪੈਨਲ ’ਚੋਂ ਜ਼ਿੰਬਾਬਵੇ ਦੇ ਮੈਚ ਰੈਫਰੀ ਐਂਡੀ ਪਾਇਕ੍ਰਾਫਟ ਨੂੰ ਲਾਂਭੇ ਕੀਤੇ ਜਾਣ ਦੀ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੀ ਮੰਗ ਰੱਦ ਕਰ ਦਿੱਤੀ ਹੈ। ਪੀਸੀਬੀ ਨੇ ਆਈਸੀਸੀ ਕੋਲ ਸ਼ਿਕਾਇਤ ਦਰਜ ਕੀਤੀ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਪਾਇਕ੍ਰਾਫਟ ਨੇ ਐਤਵਾਰ ਨੂੰ ਭਾਰਤ ਤੇ ਪਾਕਿ ਵਿਚਾਲੇ ਖੇਡੇ ਏਸ਼ੀਆ ਕੱਪ ਮੈਚ ਵਿੱਚ ਟਾਸ ਦੇ ਸਮੇਂ ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ ਨੂੰ ਆਪਣੇ ਭਾਰਤੀ ਹਮਰੁਤਬਾ ਸੂਰਿਆਕੁਮਾਰ ਯਾਦਵ ਨਾਲ ਹੱਥ ਨਾ ਮਿਲਾਉਣ ਲਈ ਕਿਹਾ ਸੀ।ਆਈਸੀਸੀ ਦੇ ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ, ‘‘ਬੀਤੀ ਦੇਰ ਰਾਤ ਆਈਸੀਸੀ ਨੇ ਪੀਸੀਬੀ ਨੂੰ ਇੱਕ ਜਵਾਬ ਭੇਜਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਪਾਇਕ੍ਰੋਫਟ ਨੂੰ ਨਹੀਂ ਹਟਾਇਆ ਜਾਵੇਗਾ ਅਤੇ ਉਨ੍ਹਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ।’’ ਪਾਇਕ੍ਰਾਫਟ ਨੇ ਬੁੱਧਵਾਰ ਨੂੰ ਯੂਏਈ ਵਿਰੁੱਧ ਪਾਕਿਸਤਾਨ ਦੇ ਆਖਰੀ ਗਰੁੱਪ ਪੜਾਅ ਦੇ ਮੈਚ ਵਿੱਚ ਅੰਪਾਇਰਿੰਗ ਕਰਨੀ ਹੈ। ਪਾਇਕ੍ਰਾਫਟ ਆਈਸੀਸੀ ਇਲੀਟ ਪੈਨਲ ਵਿੱਚ ਸਭ ਤੋਂ ਸੀਨੀਅਰ ਮੈਚ ਰੈਫਰੀ ਵਿੱਚੋਂ ਇੱਕ ਹੈ, ਜਿਨ੍ਹਾਂ 695 ਕੌਮਾਂਤਰੀ ਮੈਚਾਂ (ਤਿੰਨਾਂ ਵੰਨਗੀਆਂ ਵਿੱਚ ਪੁਰਸ਼ ਅਤੇ ਮਹਿਲਾ) ਵਿਚ ਅੰਪਾਇਰਿੰਗ ਕੀਤੀ ਹੈ।ਪਾਕਿਸਤਾਨ ਟੀਮ ਦੇ ਮੈਨੇਜਰ ਨਾਵੇਦ ਚੀਮਾ ਨੇ ਵੀ ਏਸ਼ੀਅਨ ਕ੍ਰਿਕਟ ਕੌਂਸਲ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਪਾਇਕ੍ਰਾਫਟ ਦੇ ਜ਼ੋਰ ਪਾਉਣ ’ਤੇ ਐਤਵਾਰ ਨੂੰ ਦੋਵਾਂ ਕਪਤਾਨਾਂ ਵਿਚਕਾਰ ਟੀਮ ਸ਼ੀਟਾਂ ਦਾ ਆਦਾਨ-ਪ੍ਰਦਾਨ ਨਹੀਂ ਕੀਤਾ ਗਿਆ।

You must be logged in to post a comment Login