ਹੁਣ ਕੁੱਤਿਆਂ ਨੂੰ ਵੀ ਹੋਵੇਗੀ ‘ਉਮਰਕੈਦ’ !

ਹੁਣ ਕੁੱਤਿਆਂ ਨੂੰ ਵੀ ਹੋਵੇਗੀ ‘ਉਮਰਕੈਦ’ !

ਨਵੀਂ ਦਿੱਲੀ, 17 ਸਤੰਬਰ :  ਦੇਸ਼ ‘ਚ ਲੋਕਾਂ ‘ਤੇ ਕੁੱਤਿਆਂ ਦੇ ਹਮਲੇ ਦੀਆਂ ਖ਼ਬਰਾਂ ਕਾਫ਼ੀ ਤੇਜ਼ੀ ਨਾਲ ਆ ਰਹੀਆਂ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਵਾਰ ਤਾਂ ਕੁੱਤੇ ਬਿਨਾਂ ਕਿਸੇ ਉਕਸਾਵੇ ਦੇ ਹਮਲਾ ਕਰਦੇ ਹਨ। ਇਸੇ ਮਾਮਲੇ ਨੂੰ ਧਿਆਨ ‘ਚ ਰੱਖਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਇਕ ਕਾਫ਼ੀ ਨਿਵੇਕਲਾ ਕਦਮ ਚੁੱਕਣ ਜਾ ਰਹੀ ਹੈ, ਜਿੱਥੇ ਹੁਣ ਆਵਾਰਾ ਕੁੱਤੇ ਜੇਕਰ ਕਿਸੇ ਇਨਸਾਨ ਨੂੰ ਕੱਟਦੇ ਹਨ ਤਾਂ ਉਨ੍ਹਾਂ ਨੂੰ ਕੈਦ ‘ਚ ਭੇਜਿਆ ਜਾ ਸਕੇਗਾ। ਸੂਬਾ ਸਰਕਾਰ ਨੇ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵਾਰ-ਵਾਰ ਕੱਟਣ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਇਹ ਨਵਾਂ ਨਿਯਮ ਲਾਗੂ ਕੀਤਾ ਹੈ। ਇਸ ਨਿਯਮ ਅਨੁਸਾਰ ਜੇ ਕੋਈ ਆਵਾਰਾ ਕੁੱਤਾ ਬਿਨਾਂ ਉਕਸਾਏ ਕਿਸੇ ਇਨਸਾਨ ਨੂੰ ਪਹਿਲੀ ਵਾਰ ਕੱਟਦਾ ਹੈ, ਤਾਂ ਉਸ ਨੂੰ 10 ਦਿਨ ਲਈ ਐਨੀਮਲ ਬਰਥ ਕੰਟਰੋਲ ਸੈਂਟਰ ਵਿੱਚ ਰੱਖਿਆ ਜਾਵੇਗਾ। ਪਰ ਜੇਕਰ ਉਹੀ ਕੁੱਤਾ ਦੂਜੀ ਵਾਰ ਵੀ ਬਿਨਾਂ ਉਕਸਾਏ ਕਿਸੇ ਨੂੰ ਕੱਟੇ, ਤਾਂ ਉਸ ਨੂੰ ਜੀਵਨ ਭਰ ਲਈ ਸੈਂਟਰ ਵਿੱਚ ਹੀ ਕੈਦ ਰੱਖਿਆ ਜਾਵੇਗਾ।ਸੂਬੇ ‘ਚ ਇਹ ਨਿਯਮ 10 ਸਤੰਬਰ ਤੋਂ ਲਾਗੂ ਹੋ ਚੁੱਕੇ ਹਨ। ਹਰ ਕੇਸ ਦੀ ਜਾਂਚ ਲਈ ਤਿੰਨ ਮੈਂਬਰਾਂ ਦੀ ਕਮੇਟੀ ਬਣਾਈ ਜਾਵੇਗੀ ਜਿਸ ਵਿੱਚ ਐਨੀਮਲ ਵੈਲਫੇਅਰ ਦੇ ਅਧਿਕਾਰੀ, ਕੁੱਤਿਆਂ ਦੇ ਵਿਵਹਾਰ ਬਾਰੇ ਮਾਹਿਰ ਅਤੇ ਇਲਾਕੇ ਦੀ ਅਗਵਾਈ ਕਰਨ ਵਾਲਾ ਇੱਕ ਪ੍ਰਤੀਨਿਧੀ ਸ਼ਾਮਲ ਹੋਵੇਗਾ। ਇਹ ਕਮੇਟੀ ਇਹ ਤੈਅ ਕਰੇਗੀ ਕਿ ਕੁੱਤੇ ਵੱਲੋਂ ਕੱਟੇ ਜਾਣ ਦੀ ਇਹ ਘਟਨਾ ਬਿਨਾਂ ਉਕਸਾਏ ਹੋਈ ਜਾਂ ਇਸ ਦਾ ਕਾਰਨ ਕੁਝ ਹੋਰ ਸੀ।ਇਸ ਨਿਯਮ ਮੁਤਾਬਕ, ਪਹਿਲੀ ਵਾਰ ਕੱਟੇ ਜਾਣ ‘ਤੇ ਕੁੱਤੇ ਨੂੰ ਨਾ ਸਿਰਫ਼ ਕੈਦ ਕੀਤਾ ਜਾਵੇਗਾ, ਬਲਕਿ ਉਸ ਦੀ ਸਟਰਿਲਾਈਜ਼ੇਸ਼ਨ ਅਤੇ ਮਾਈਕ੍ਰੋਚਿਪਿੰਗ ਵੀ ਕੀਤੀ ਜਾਵੇਗੀ ਤਾਂ ਜੋ ਭਵਿੱਖ ‘ਚ ਉਸ ‘ਤੇ ਨਿਗਰਾਨੀ ਰੱਖੀ ਜਾ ਸਕੇ। ਸਰਕਾਰ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਲੋਕਾਂ ਨੂੰ ਸੜਕਾਂ ‘ਤੇ ਸੁਰੱਖਿਆ ਮਹਿਸੂਸ ਕਰਵਾਏਗਾ ਤੇ ਆਵਾਰਾ ਕੁੱਤਿਆਂ ਦੇ ਆਤੰਕ ਨੂੰ ਘੱਟ ਕਰਨ ‘ਚ ਕਾਫ਼ੀ ਮਦਦਗਾਰ ਸਾਬਿਤ ਹੋਵੇਗਾ।

You must be logged in to post a comment Login