ਦੁਬਈ,18 ਸਤੰਬਰ : ਪਾਕਿਸਤਾਨ ਕ੍ਰਿਕਟ ਟੀਮ ਨੂੰ ਐਂਡੀ ਪਾਇਕ੍ਰਾਫਟ ਨੂੰ ਮੈਚ ਰੈਫਰੀ ਵਜੋਂ ਹਟਾਉਣ ਸਬੰਧੀ ਉਸ ਦੀ ਮੰਗ ਆਈਸੀਸੀ ਵੱਲੋਂ ਦੂਜੀ ਵਾਰ ਰੱਦ ਕੀਤੇ ਜਾਣ ਮਗਰੋਂ ਏਸ਼ੀਆ ਕੱਪ ਦੇ ਬਾਈਕਾਟ ਦੀ ਧਮਕੀ ਵਾਪਸ ਲੈ ਕੇ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਰੁੱਧ ਕਰੋ ਜਾਂ ਮਰੋ ਦਾ ਮੁਕਾਬਲਾ ਖੇਡਣ ਲਈ ਮੈਦਾਨ ’ਤੇ ਉਤਰਨਾ ਪਿਆ। ਹਾਲਾਂਕਿ ਇਸ ਪੂਰੇ ਨਾਟਕ ਕਾਰਨ ਮੈਚ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਬਾਅਦ ਵਿੱਚ ਦਾਅਵਾ ਕੀਤਾ ਕਿ ਪਾਇਕ੍ਰਾਫਟ ਨੇ ਮੁਆਫ਼ੀ ਮੰਗ ਲਈ ਹੈ।ਹਾਲਾਂਕਿ ਇਸ ਮੈਚ ਵਿਚ ਪਾਕਿਸਤਾਨ ਨੇ ਯੂਏਈ ਨੂੰ 41ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਮੇਜ਼ਬਾਨ ਯੂਏਈ ਨੇ ਪਾਕਿਸਤਾਨ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਾਕਿਸਤਾਨ ਦੀ ਸ਼ੁਰੂਆਤ ਖ਼ਰਾਬ ਰਹੀ। ਉਸ ਨੂੰ ਪਹਿਲੇ ਪੰਜ ਓਵਰਾਂ ਵਿੱਚ ਦੋ ਵੱਡੇ ਝਟਕੇ ਲੱਗੇ। ਪਾਕਿਸਤਾਨ ਨੇ ਪੂਰੇ 20 ਓਵਰਾਂ ਵਿੱਚ ਨੌ ਵਿਕਟ ਗੁਆ ਕੇ 146 ਦੌੜਾਂ ਬਣਾਈਆਂ। ਫਖ਼ਰ ਜ਼ਮਾਨ ਨੇ ਅਰਧ ਸੈਂਕੜਾ (36 ਗੇਂਦਾਂ ’ਤੇ 50 ਦੌੜਾਂ) ਜੜਿਆ, ਜਦੋਂਕਿ ਸਲਮਾਨ ਆਗ਼ਾ ਨੇ 20 ਦੌੜਾਂ, ਸ਼ਾਹੀਨ ਅਫਰੀਦੀ ਨੇ 29 ਦੌੜਾਂ ਅਤੇ ਮੁਹੰਮਦ ਹੈਰਿਸ ਨੇ 18 ਦੌੜਾਂ ਦਾ ਯੋਗਦਾਨ ਪਾਇਆ। ਇਨ੍ਹਾਂ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਦਹਾਈ ਅੰਕ ਤੱਕ ਨਹੀਂ ਪਹੁੰਚ ਸਕਿਆ।ਯੂਏਈ ਲਈ ਜੁਨੈਦ ਸਿੱਦਿਕੀ ਨੇ ਸਭ ਤੋਂ ਵੱਧ ਚਾਰ ਵਿਕਟਾਂ ਝਟਕਾਈਆਂ, ਜਦੋਂਕਿ ਸਿਮਰਨਜੀਤ ਸਿੰਘ ਨੇ ਤਿੰਨ ਅਤੇ ਧਰੁਵ ਪਰਾਸ਼ਰ ਨੇ ਇੱਕ ਵਿਕਟ ਲਈ।ਪਾਕਿਸਤਾਨ ਵੱਲੋਂ ਦਿੱਤੇ 147 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਯੂਏਈ ਦੀ ਟੀਮ 105 ਦੌੜਾਂ ‘ਤੇ ਹੀ ਆਲਆਊਟ ਹੋ ਗਈ। ਰਾਹੁਲ ਚੋਪੜਾ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਪਾਕਿਸਤਾਨ ਲਈ ਸ਼ਾਹੀਨ ਅਫਰੀਦੀ, ਹੈਰਿਸ ਰਾਊਫ, ਅਬਰਾਰ ਅਹਿਮਦ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ।
ਪਾਇਕ੍ਰਾਫਟ ਨੇ ਕੁੱਝ ਵੀ ਗ਼ਲਤ ਨਹੀਂ ਕੀਤਾ: ਆਈਸੀਸੀ
ਆਈਸੀਸੀ ਨੇ ਪਾਇਕ੍ਰਾਫਟ ਦਾ ਬਚਾਅ ਕਰਦਿਆਂ ਕਿਹਾ ਕਿ ਉਸਨੇ ਕੁਝ ਵੀ ਗ਼ਲਤ ਨਹੀਂ ਕੀਤਾ ਅਤੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ। ਪੀਸੀਬੀ ਦੇ ਤਾਜ਼ਾ ਬਿਆਨ ਮਗਰੋਂ ਆਈਸੀਸੀ ਦੇ ਇੱਕ ਸੂਤਰ ਨੇ ਕਿਹਾ ਕਿ ਮੁਆਫ਼ੀ ਸਿਰਫ਼ ‘ਗਲਤਫਹਿਮੀ’ ਲਈ ਮੰਗੀ ਗਈ ਸੀ। ਸੂਤਰ ਨੇ ਕਿਹਾ, ‘‘ਅਤੇ ਆਈਸੀਸੀ ਆਪਣੀ ਜਾਂਚ ਤਾਂ ਹੀ ਸ਼ੁਰੂ ਕਰੇਗੀ ਜੇਕਰ ਪੀਸੀਬੀ ਪਾਇਕ੍ਰਾਫਟ ਦੀ ਗਲਤੀ ਸਬੰਧੀ ਹੋਰ ਸਬੂਤ ਪੇਸ਼ ਕਰੇਗਾ।’’
You must be logged in to post a comment Login