‘ਆਪ’ ਵਿਧਾਇਕ ਪਠਾਨਮਾਜਰਾ ਵੱਲੋਂ ਇੱਕ ਹੋਰ ਵੀਡੀਓ ਜਾਰੀ

‘ਆਪ’ ਵਿਧਾਇਕ ਪਠਾਨਮਾਜਰਾ ਵੱਲੋਂ ਇੱਕ ਹੋਰ ਵੀਡੀਓ ਜਾਰੀ

ਪਟਿਆਲਾ, 27 ਸਤੰਬਰ : ਆਮ ਆਦਮੀ ਪਾਰਟੀ (ਆਪ) ਵੱਲੋਂ ਸਨੌਰ ਹਲਕੇ ਲਈ ਨਵੇਂ ਇੰਚਾਰਜ ਦੀ ਨਿਯੁਕਤੀ ਕੀਤੇ ਜਾਣ ਤੋਂ ਲਗਪਗ 10 ਦਿਨ ਬਾਅਦ ਵਿਧਾਇਕ ਹਰਮੀਤ ਸਿੰਘ ਪਾਠਨਮਾਜਰਾ ਨੇ ਇੱਕ ਵੀਡੀਓ ਜਾਰੀ ਕਰਕੇ ਸੰਕਟ ਦੀ ਇਸ ਘੜੀ ਵਿੱਚ ਸਾਥੀ ਵਿਧਾਇਕਾਂ ਅਤੇ ਕਿਸਾਨ ਯੂਨੀਅਨਾਂ ਵੱਲੋਂ ਉਨ੍ਹਾਂ ਦਾ ਸਾਥ ਨਾ ਦੇਣ ਦਾ ਦੋਸ਼ ਲਾਇਆ ਹੈ। ਜਬਰ ਜਨਾਹ ਮਾਮਲੇ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਫਰਾਰ ਚੱਲ ਰਹੇ ਪਾਠਨਮਾਜਰਾ ਨੇ ਇੱਕ ਛੇ ਮਿੰਟ ਦਾ ਵੀਡੀਓ ਜਾਰੀ ਕਰਕੇ ਦੋਸ਼ ਲਾਇਆ ਕਿ ਸਮਾਜ ਸੇਵੀਆਂ, ਸਾਥੀ ਵਿਧਾਇਕਾਂ ਅਤੇ ਕਿਸਾਨ ਯੂਨੀਅਨਾਂ ਨੇ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ।ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਪਤਨੀ ਦੀ ਸਿਹਤ ਖਰਾਬ ਹੈ ਅਤੇ ਉਹ ਇਲਾਜ ਕਰਵਾ ਰਹੇ ਹਨ, ਜਦੋਂ ਕਿ ਉਨ੍ਹਾਂ ਦੀ ਧੀ ਅਤੇ ਪੁੱਤਰ ਪੁਲੀਸ ਕਾਰਵਾਈ ਦੇ ਡਰੋਂ ਲੁਕੇ ਹੋਏ ਹਨ। ਪਾਠਨਮਾਜਰਾ ਨੇ ਵੀਡੀਓ ਵਿੱਚ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀ ਪਤਨੀ (ਜਿਨ੍ਹਾਂ ਦੀਆਂ ਪੰਜ ਸਰਜਰੀਆਂ ਹੋ ਚੁੱਕੀਆਂ ਹਨ ਅਤੇ ਉਹ ਇੱਕ ਬੀਮਾਰੀ ਤੋਂ ਪੀੜਤ ਹਨ) ਨੂੰ ਕੁਝ ਹੁੰਦਾ ਹੈ ਤਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਵੀਡੀਓ ਵਿੱਚ, ਉਨ੍ਹਾਂ ਦਾ ਦਾਅਵਾ ਹੈ ਕਿ ਉਹ ਪੰਜਾਬ ਦੇ ਮਾਮਲਿਆਂ ਵਿੱਚ ਦਿੱਲੀ ਦੇ ਆਗੂਆਂ ਦੇ ਦਖਲ ਦੇ ਵਿਰੁੱਧ ਆਵਾਜ਼ ਉਠਾਉਣ ਅਤੇ ਪੰਜਾਬ ਵਿੱਚ ਹੜ੍ਹਾਂ ਲਈ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੀਮਤ ਚੁਕਾ ਰਹੇ ਹਨ। ਪਾਠਨਮਾਜਰਾ ਨੇ ਕਿਹਾ, ‘‘ਮੈਂ ਇੱਕ ਸਿੱਧਾ, ਭਾਵੁਕ ਜੱਟ ਹਾਂ। ਮੈਂ ਸੋਚਿਆ ਸੀ ਕਿ ਸੱਚ ਬੋਲਣ ’ਤੇ ਲੋਕ ਮੇਰੇ ਨਾਲ ਖੜ੍ਹਨਗੇ। ਪਰ ਮੈਂ ਗਲਤ ਸੀ। ਮੈਂ ਆਪਣੇ ਸਾਥੀਆਂ ਨੂੰ ਸਲਾਹ ਦੇਵਾਂਗਾ, ਜੇ ਲੋਕ ਤੁਹਾਨੂੰ ਭੇਡਾਂ ਦਾ ਝੁੰਡ ਕਹਿੰਦੇ ਹਨ, ਤਾਂ ਇਹੀ ਸਹੀ।’’ ਇਸ ਤੋਂ ਪਹਿਲਾਂ ਪਾਠਨਮਾਜਰਾ ਨੇ ਸਨੌਰ ਨਿਵਾਸੀਆਂ ਦਾ ਹਾਲ-ਚਾਲ ਪੁੱਛਣ ਲਈ ਇੱਕ 25 ਸੈਕਿੰਡ ਦਾ ਆਡੀਓ ਸੰਦੇਸ਼ ਜਾਰੀ ਕੀਤਾ ਸੀ, ਜਿਸ ਵਿੱਚ ਸਮਰਥਕਾਂ ਨੂੰ ਹਿੰਮਤ ਨਾ ਹਾਰਨ ਦੀ ਅਪੀਲ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਆਪਣੇ ਵਾਪਸ ਆਉਣ ਦਾ ਭਰੋਸਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, ‘‘ਜਿਹੜੇ ਸਟੈਂਡ ਲੈਂਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਵਿੱਚ ਮਾਣ ਮਿਲਦਾ ਹੈ… ਬਾਬਾ ਬੁੱਢਾ ਕਰੂ ਕਿਰਪਾ,’’ ਅਤੇ ਅੱਗੇ ਕਿਹਾ ਕਿ ਜਿਨ੍ਹਾਂ ਨੂੰ ਉਨ੍ਹਾਂ ਦੀ ਥਾਂ ‘ਤੇ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਨੂੰ “ਧੱਕ ਦਿੱਤਾ ਜਾਵੇਗਾ।”

You must be logged in to post a comment Login