ਚੰਡੀਗੜ੍ਹ, 7 ਅਕਤੂਬਰ :ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਜ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਤੇ ਚੰਡੀਗੜ੍ਹ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਆਖਿਆ ਹੈ ਕਿ ਅੱਜ ਸਾਰਾ ਦਿਨ ਮੀਂਹ ਦਾ ਸਿਲਸਲਾ ਜਾਰੀ ਰਹੇਗਾ।ਮੀਂਹ ਕਰਕੇ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮੀਂਹ ਨੇ ਜਿੱਥੇ ਆਮ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾਈ ਹੈ, ਉੱਥੇ ਹੀ ਕਿਸਾਨਾਂ ਲਈ ਇਹ ਮੀਂਹ ਆਫ਼ਤ ਬਣ ਕੇ ਆਇਆ ਹੈ। ਮੰਡੀਆਂ ਵਿੱਚ ਵੇਚਣ ਲਈ ਆਈ ਫ਼ਸਲਾਂ ਵੀ ਭਿੱਜ ਗਈਆਂ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ 7 ਅਕਤੂਬਰ ਨੂੰ ਵੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਲੰਘੇ ਦਿਨ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਪਏ ਮੀਂਹ ਕਰ ਕੇ ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ ਅਤੇ ਅੰਮ੍ਰਿਤਸਰ ਇਲਾਕੇ ਵਿੱਚ ਕਿਸਾਨਾਂ ਦੀ ਪੱਕੀ ਹੋਈ ਫ਼ਸਲ ਖੇਤਾਂ ਵਿੱਚ ਵਿਛ ਗਈ ਹੈ। ਅੰਮ੍ਰਿਤਸਰ, ਤਰਨ ਤਾਰਨ, ਮੋਗਾ, ਪਠਾਨਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮੁਹਾਲੀ, ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਸਣੇ ਹੋਰ ਕਈ ਸ਼ਹਿਰਾਂ ਵਿੱਚ ਮੀਂਹ ਪਿਆ। ਪੰਜਾਬ ਵਿੱਚ ਅੱਜ ਪਏ ਮੀਂਹ ਨਾਲ ਤਾਪਮਾਨ ਵਿੱਚ 11 ਡਿਗਰੀ ਸੈਲਸੀਅਸ ਤੱਕ ਦਾ ਨਿਘਾਰ ਦਰਜ ਕੀਤਾ ਗਿਆ ਹੈ।

You must be logged in to post a comment Login