ਸੁਲਤਾਨਪੁਰ ਲੋਧੀ: ਨਸ਼ਾ ਤਸਕਰੀ ਕਰਨ ਵਾਲੇ ਜੋੜੇ ਦਾ ਗੈਰ-ਕਾਨੂੰਨੀ ਘਰ ਢਾਹਿਆ

ਸੁਲਤਾਨਪੁਰ ਲੋਧੀ: ਨਸ਼ਾ ਤਸਕਰੀ ਕਰਨ ਵਾਲੇ ਜੋੜੇ ਦਾ ਗੈਰ-ਕਾਨੂੰਨੀ ਘਰ ਢਾਹਿਆ

ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਪਿੰਡ ਸੇਚਾਂ ਵਿੱਚ ਨਸ਼ਾ ਤਸਕਰਾਂ ਵੱਲੋਂ ਪੰਚਾਇਤੀ ਜ਼ਮੀਨ ’ਤੇ ਬਣਾਇਆ ਗਿਆ ਇੱਕ ਘਰ ਸੁਲਤਾਨਪੁਰ ਲੋਧੀ ਦੇ ਬੀ ਡੀ ਪੀ ਓ ਦੇ ਆਦੇਸ਼ਾਂ ’ਤੇ ਢਾਹ ਦਿੱਤਾ ਗਿਆ।ਸੁਲਤਾਨਪੁਰ ਲੋਧੀ ਪੁਲੀਸ ਥਾਣੇ ਅਧੀਨ ਪੈਂਦੇ ਪਿੰਡ ਸੇਚਾਂ ਦੇ ਸਰਬਜੀਤ ਸਿੰਘ ਉਰਫ਼ ਬੱਬੀ ਅਤੇ ਉਸਦੀ ਪਤਨੀ ਜਸਪਾਲ ਕੌਰ ਉਰਫ਼ ਸੁਮਨ ਨੇ ਪਿੰਡ ਦੀ ਲਗਪਗ 7 ਮਰਲੇ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਕੇ ਇੱਕ ਘਰ ਬਣਾਇਆ ਹੋਇਆ ਸੀ। ਪਤੀ-ਪਤਨੀ ਦੋਵਾਂ ’ਤੇ 17 ਐੱਨ ਡੀ ਪੀ ਐੱਸ ਕੇਸ ਦਰਜ ਸਨ, ਜਿਨ੍ਹਾਂ ਵਿੱਚੋਂ 10 ਕੇਸ ਸਰਬਜੀਤ ਵਿਰੁੱਧ ਅਤੇ ਬਾਕੀ ਉਸਦੀ ਪਤਨੀ ਵਿਰੁੱਧ ਦਰਜ ਸਨ।ਕਪੂਰਥਲਾ ਦੇ ਐੱਸ ਐੱਸ ਪੀ ਗੌਰਵ ਤੂਰਾ ਨੇ ਕਿਹਾ ਕਿ ਬੀ ਡੀ ਪੀ ਓ ਦੇ ਆਦੇਸ਼ਾਂ ਅਨੁਸਾਰ ਪੁਲੀਸ ਨੇ ਜ਼ਮੀਨ ਦਾ ਕਬਜ਼ਾ ਲੈਣ ਲਈ ਪੇਂਡੂ ਵਿਕਾਸ ਵਿਭਾਗ ਨੂੰ ਢੁਕਵੀਂ ਸੁਰੱਖਿਆ ਪ੍ਰਦਾਨ ਕੀਤੀ ਸੀ।ਬੀ ਡੀ ਪੀ ਓ ਨੇ ਕਿਹਾ ਕਿ ਗ੍ਰਾਮ ਪੰਚਾਇਤ ਨੇ ਸਰਬਜੀਤ ਸਿੰਘ ਅਤੇ ਉਸ ਦੀ ਪਤਨੀ ਨੂੰ ਪੰਚਾਇਤੀ ਜ਼ਮੀਨ ਖਾਲੀ ਕਰਨ ਲਈ ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 34 ਤਹਿਤ ਤਿੰਨ ਵਾਰ ਨੋਟਿਸ ਜਾਰੀ ਕੀਤੇ ਸਨ, ਪਰ ਸਬੰਧਤ ਗੈਰ-ਕਾਨੂੰਨੀ ਕਬਜ਼ਾਧਾਰੀਆਂ ਨੇ ਅਜਿਹਾ ਨਹੀਂ ਕੀਤਾ।ਤੂਰਾ ਨੇ ਕਿਹਾ ਕਿ ਪੰਚਾਇਤ ਵਿਭਾਗ ਨੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ ਲਈ ਰੱਖਿਆ ਪ੍ਰਦਾਨ ਕਰਨ ਵਜੋਂ ਪੁਲੀਸ ਨੂੰ ਲਿਖਿਆ ਸੀ, ਜਿਸ ਤਹਿਤ ਪੁਲੀਸ ਸੁਰੱਖਿਆ ਮੁਹੱਈਆ ਕਰਵਾਈ ਗਈ।ਐੱਸ ਐੱਸ ਪੀ ਨੇ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਨਸ਼ਿਆਂ ਦੇ ਕਾਲੇ ਧਨ ਨਾਲ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਕਪੂਰਥਲਾ ਪੁਲੀਸ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾ ਪੀੜਤਾਂ ਦੇ ਮੁੜ ਵਸੇਬੇ ਲਈ ਦੋਹਰੀ ਨੀਤੀ ਤਹਿਤ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਨਸ਼ਾ ਪੀੜਤਾਂ ਨੂੰ ਕਿੱਤਾਮੁਖੀ ਸਿਖਲਾਈ ਦੇ ਕੇ ਰੁਜ਼ਗਾਰ ਦੇਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਇਸ ਸਮਾਜਿਕ ਬੁਰਾਈ ਨੂੰ ਖਤਮ ਕੀਤਾ ਜਾ ਸਕੇ ਅਤੇ ਪੀੜਤਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਂਦਾ ਜਾ ਸਕੇ।

You must be logged in to post a comment Login