ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਇਕ ਹੋਰ ਕੇਸ ਦਰਜ

ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਇਕ ਹੋਰ ਕੇਸ ਦਰਜ

ਚੰਡੀਗੜ੍ਹ, , 29 ਅਕਤੂਬਰ – ਸੀਬੀਆਈ ਨੇ ਪੰਜਾਬ ਪੁਲੀਸ ਦੇ ਮੁਅੱਤਲਸ਼ੁਦਾ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਇੱਕ ਨਵਾਂ ਕੇਸ ਦਰਜ ਕੀਤਾ ਹੈ। ਕੇਂਦਰੀ ਜਾਂਚ ਏਜੰਸੀ ਭੁੱਲਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।ਸੀਬੀਆਈ ਨੇ ਭੁੱਲਰ ਨੂੰ 16 ਅਕਤੂਬਰ ਨੂੰ ਇੱਕ ਸਕ੍ਰੈਪ ਡੀਲਰ ਤੋਂ ‘ਸੇਵਾ ਪਾਣੀ’ ਵਜੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਦੀ ਟੀਮ ਨੇ ਮਗਰੋਂ ਭੁੱਲਰ ਦੀ ਚੰਡੀਗੜ੍ਹ ਦੇ ਸੈਕਟਰ 40 ਵਿਚਲੀ ਰਿਹਾਇਸ਼ ’ਤੇ ਮਾਰੇ ਛਾਪੇ ਦੌਰਾਨ ਉਥੋਂ 7.5 ਕਰੋੜ ਰੁਪਏ ਦੀ ਨਕਦੀ ਤੋਂ ਇਲਾਵਾ 2.5 ਕਿਲੋਗ੍ਰਾਮ ਸੋਨੇ ਦੇ ਗਹਿਣੇ ਜ਼ਬਤ ਕੀਤੇ ਸਨ। ਇਸ ਤੋਂ ਇਲਾਵਾ ਤਲਾਸ਼ੀ ਮੁਹਿੰਮ ਦੌਰਾਨ ਰੋਲੈਕਸ ਤੇ ਰਾਡੋ ਬਰਾਂਡ ਸਣੇ 26 ਲਗਜ਼ਰੀ ਘੜੀਆਂ, ਪਰਿਵਾਰਕ ਮੈਂਬਰਾਂ ਅਤੇ ਸ਼ੱਕੀ ਬੇਨਾਮੀ ਸੰਸਥਾਵਾਂ ਦੇ ਨਾਮ ’ਤੇ 50 ਤੋਂ ਵੱਧ ਅਚੱਲ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼, ਲਾਕਰ ਦੀਆਂ ਚਾਬੀਆਂ ਅਤੇ ਕਈ ਬੈਂਕ ਖਾਤਿਆਂ ਦੇ ਵੇਰਵੇ ਅਤੇ 100 ਜ਼ਿੰਦਾ ਕਾਰਤੂਸਾਂ ਦੇ ਨਾਲ ਚਾਰ ਹਥਿਆਰ ਵੀ ਜ਼ਬਤ ਕੀਤੇ ਸਨ।ਪੁਲੀਸ ਅਧਿਕਾਰੀ ਨੇ ਕਿਹਾ ਕਿ ਭੁੱਲਰ ਦੀਗ੍ਰਿਫ਼ਤਾਰੀ ਤੋਂ ਬਾਅਦ, ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਉਨ੍ਹਾਂ ਦੇ ਕਈ ਬੈਂਕ ਲਾਕਰਾਂ ਦਾ ਵੀ ਸੰਚਾਲਨ ਕੀਤਾ ਹੈ। ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਤੋਂ ਸਾਹਮਣੇ ਆਇਆ ਕਿ ਮੁਅੱਤਲਸ਼ੁਦਾ ਡੀਆਈਜੀ ਦੀ ਆਮਦਨ ਜਾਣੇ-ਪਛਾਣੇ ਸਰੋਤਾਂ ਤੋਂ ਕਈ ਗੁਣਾ ਵੱਧ ਹੈ, ਜਿਸ ਕਾਰਨ ਏਜੰਸੀ ਉਨ੍ਹਾਂ ਵਿਰੁੱਧ ਇੱਕ ਨਵੀਂ ਐਫਆਈਆਰ ਦਰਜ ਕਰਨ ਲਈ ਪ੍ਰੇਰਿਤ ਹੋਈ।

You must be logged in to post a comment Login