ਚੰਡੀਗੜ੍ਹ, 8 ਨਵੰਬਰ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਇੱਕ ਜਾਂਚ ਤੋਂ ਬਾਅਦ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ। ਉਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਚੱਲ ਰਹੇ ਜਬਰੀ ਵਸੂਲੀ ਨੈੱਟਵਰਕ ਨਾਲ ਜੋੜਿਆ ਗਿਆ ਸੀ। 7 ਨਵੰਬਰ ਨੂੰ ਕੀਤਾ ਇਹ ਦੇਸ਼ ਨਿਕਾਲਾ BC ਐਕਸਟੋਰਸ਼ਨ ਟਾਸਕ ਫੋਰਸ (BC Extortion Task Force) ਦੇ ਤਹਿਤ ਲਿਆ ਪਹਿਲਾ ਕਦਮ ਹੈ, ਜੋ ਕਿ CBSA, RCMP ਅਤੇ ਸਥਾਨਕ ਪੁਲੀਸ ਏਜੰਸੀਆਂ ਦਾ ਇੱਕ ਸਾਂਝਾ ਅਪਰੇਸ਼ਨ ਹੈ। ਸੂਬੇ ਵਿੱਚ ਕੰਮ ਕਰ ਰਹੇ ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਸਮੂਹਾਂ ਵਿਰੁੱਧ ਇਸ ਸਾਲ ਦੇ ਸ਼ੁਰੂ ਵਿੱਚ 40 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ। CBSA ਅਧਿਕਾਰੀਆਂ ਅਨੁਸਾਰ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਜੁੜੀ ਅਪਰਾਧਿਕ ਗਤੀਵਿਧੀਆਂ ਨਾਲ ਸੰਭਾਵਿਤ ਸਬੰਧਾਂ, ਕੈਨੇਡਾ ਵਿੱਚ ਦਾਖਲੇ ਲਈ ਸ਼ੱਕੀ ਅਯੋਗਤਾ ਦੇ ਲਈ 78 ਵਾਧੂ ਵਿਦੇਸ਼ੀ ਨਾਗਰਿਕਾਂ ਦੀ ਇਸ ਸਮੇਂ ਇਮੀਗ੍ਰੇਸ਼ਨ ਜਾਂਚ ਚੱਲ ਰਹੀ ਹੈ।ਜ਼ਿਕਰਯੋਗ ਹੈ ਕਿ BC ਵਿੱਚ ਜਬਰੀ ਵਸੂਲੀ ਦਾ ਸੰਕਟ 2025 ਦੇ ਸ਼ੁਰੂ ਵਿੱਚ ਤੇਜ਼ੀ ਨਾਲ ਵਧ ਗਿਆ ਸੀ। ਅਪਰਾਧੀ ਕਾਰੋਬਾਰੀਆਂ ਤੋਂ ਕ੍ਰਿਪਟੋਕਰੰਸੀ ਭੁਗਤਾਨ ਦੀ ਮੰਗ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰ ਰਹੇ ਹਨ ਅਤੇ ਕਥਿਤ ਤੌਰ ‘ਤੇ ਉਨ੍ਹਾਂ ਦੀਆਂ ਮੰਗਾਂ ਨੂੰ ਠੁਕਰਾਉਣ ‘ਤੇ ਹਿੰਸਾ ਅਤੇ ਅੱਗਜ਼ਨੀ ਦਾ ਸਹਾਰਾ ਲਿਆ ਹੈ। ਸਰੀ, ਲੋਅਰ ਮੇਨਲੈਂਡ ਅਤੇ ਫਰੇਜ਼ਰ ਵੈਲੀ ਵਿੱਚ ਕਈ ਛੋਟੇ ਕਾਰੋਬਾਰ, ਜਿਨ੍ਹਾਂ ਵਿੱਚ ਸਰੀ ਦਾ ਕੈਪ’ਜ਼ ਕੈਫੇ ਵੀ ਸ਼ਾਮਲ ਹੈ, ਨੂੰ ਨਿਸ਼ਾਨਾ ਬਣਾਇਆ ਗਿਆ।

You must be logged in to post a comment Login