ਓਂਟਾਰੀਓ, 21 ਨਵੰਬਰ :ਕੈਨੇਡਾ ਵਿੱਚ ਹਜ਼ਾਰਾਂ ਬਿਨੈਕਾਰਾਂ ਦੇ ਪੀਆਰ ਲੈਣ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਕੈਨੇਡਾ ਦੇ ਸੂਬੇ ਓਂਟਾਰੀਓ ਵੱਲੋਂ ਆਪਣੇ ਸੂਬਾਈ ਨੌਮਿਨੀ ਪ੍ਰੋਗਰਾਮ ਤਹਿਤ ਚਲਦੀ ਸਕਿੱਲਡ ਟਰੇਡਜ਼ ਸਟ੍ਰੀਮ ਮੁਅੱਤਲ ਕਰ ਦਿੱਤੀ ਗਈ ਹੈ। ਨਤੀਜੇ ਵਜੋਂ ਇਸ ਅਧੀਨ ਲੱਗੀਆਂ ਅਰਜ਼ੀਆਂ ਨੂੰ ਵਾਪਸ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਹਜ਼ਾਰਾਂ ਬਿਨੈਕਾਰ ਆਪਣੇ ਭਵਿੱਖ ਨੂੰ ਲੈ ਕੇ ਫ਼ਿਕਰਮੰਦ ਹਨ। ਤਕਰੀਬਨ 2600 ਐਪੀਲੈਂਕਟਸ ਆਪਣੀ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰ ਰਹੇ ਸਨ।ਓਂਟਾਰੀਓ ਵਿਧਾਨ ਸਭਾ ਦੇ ਬਾਹਰ ਧਰਨਾ ਦੇ ਰਹੇ ਪੰਜਾਬੀ ਨੌਜਵਾਨਾਂ ਦੀ ਸ਼ਿਕਾਇਤ ਹੈ ਕਿ ਓਂਟਾਰੀਓ ਸਰਕਾਰ ਨੇ ਉਨ੍ਹਾਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਇਕਪਾਸੜ ਤੌਰ ’ਤੇ ਅਰਜ਼ੀਆਂ ਰੱਦ ਕਰ ਦਿੱਤੀਆਂ। ਇਮੀਗ੍ਰੇਸ਼ਨ ਘੁੰਮਣਘੇਰੀ ਵਿਚ ਫਸੇ ਸੈਂਕੜੇ ਪੰਜਾਬੀ ਨੌਜਵਾਨਾਂ ਵਿਚੋਂ ਇਕ ਨੇ ਦੱਸਿਆ ਕਿ ਉਹ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਅਤੇ ਵਰਕ ਪਰਮਿਟ ਮਿਲਣ ਮਗਰੋਂ ਵਿੰਡਸਰ ਦੀ ਇਕ ਕੰਪਨੀ ਵਿਚ ਕਾਰਪੈਂਟਰ ਦੀ ਨੌਕਰੀ ਕਰ ਲਈ। ਉਸ ਮੁਤਾਬਕ ਓਂਟਾਰੀਓ ਇਮੀਗਰੇਸ਼ਨ ਨੌਮਿਨੀ ਪ੍ਰੋਗਰਾਮ ਅਧੀਨ ਦਿਲਚਸਪੀ ਦਾ ਪ੍ਰਗਟਾਵਾ ਕਰਨ ਮਗਰੋਂ ਕਿਰਤ ਮੰਤਰਾਲੇ ਵੱਲੋਂ ਅਰਜ਼ੀ ਦਾਇਰ ਕਰਨ ਦਾ ਸੱਦਾ ਦਿੱਤਾ ਗਿਆ ਪਰ ਦੋ ਸਾਲ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰਦਾ ਰਿਹਾ ਅਤੇ ਹੁਣ ਥੋਕ ਦੇ ਭਾਅ ਅਰਜ਼ੀਆਂ ਰੱਦ ਹੋਣ ਦਾ ਫ਼ਰਮਾਨ ਆ ਗਿਆ ਹੈ। ਨੌਜਵਾਨਾਂ ਨੇ ਕੈਨੇਡਾ ਵਿਚੋਂ ਕੱਢੇ ਜਾਣ ਤੋਂ ਬਚਣ ਲਈ ਆਰ ਜਾਂ ਪਾਰ ਦਾ ਸੰਘਰਸ਼ ਵਿੱਢ ਦਿੱਤਾ ਹੈ।ਓਂਟਾਰੀਓ ਵਿਧਾਨ ਸਭਾ ਦੇ ਬਾਹਰ ਲਗਾਤਾਰ ਤੀਜੇ ਦਿਨ ਵੀ ਰੋਸ ਵਿਖਾਵੇ ਵਿਚ ਸ਼ਾਮਲ ਨੌਜਵਾਨਾਂ ਨੇ ਕਿਹਾ ਕਿ ਅਰਜ਼ੀਆਂ ਉੱਤੇ ਮੁੜ ਵਿਚਾਰ ਕੀਤੇ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਹੀ ਉਹ ਧਰਨਾ ਖ਼ਤਮ ਕਰਨਗੇ। ਠੰਢ ਵਿਚ ਖੁੱਲ੍ਹੇ ਅਸਮਾਨ ਹੇਠ ਨਾਅਰੇਬਾਜ਼ੀ ਕਰਦਿਆਂ ਨੌਜਵਾਨਾ ਨੇ ਮੰਗ ਕੀਤੀ ਹੈ ਕਿ ਧੋਖਾਧੜੀ ਦੇ ਸਬੂਤ ਪੇਸ਼ ਕੀਤੇ ਜਾਣ। ਮੁਜ਼ਾਹਰੇ ਵਿਚ ਸ਼ਾਮਲ ਸੈਂਕੜੇ ਬਿਨੈਕਾਰ ਇਹੋ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਵੱਲੋਂ ਮੁਹੱਈਆ ਜਾਣਕਾਰੀ ਬਿਲਕੁਲ ਦਰੁਸਤ ਹੈ ਅਤੇ ਸਬੂਤ ਵਜੋਂ ਹਰ ਦਸਤਾਵੇਜ਼ ਪੇਸ਼ ਕਰਨ ਵਾਸਤੇ ਰਾਜ਼ੀ ਹਨ। ਡਗ ਫੋਰਡ ਸਰਕਾਰ ਵਿਰੁੱਧ ਚੱਲ ਰਹੀ ਨਾਅਰੇਬਾਜ਼ੀ ਦੌਰਾਨ ਪੰਜਾਬੀ ਨੌਜਵਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਲਈ ਵਿਰੋਧੀ ਧਿਰ ਦੀ ਆਗੂ ਮੈਰਿਟ ਸਟਾਈਲਜ਼ ਵੀ ਪੁੱਜੇ।

You must be logged in to post a comment Login