ਸ੍ਰੀ ਮੁਕਤਸਰ ਸਾਹਿਬ, 14 ਜਨਵਰੀ : ਮੇਲਾ ਮਾਘੀ ਮੌਕੇ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਵੱਲੋਂ ਕੀਤੀ ਗਈ ਸਿਆਸੀ ਕਾਨਫਰੰਸ ਦੌਰਾਨ ਸਟੇਜ ਤੋਂ 15-ਨੁਕਾਤੀ ਮਤਾ ਪਾਸ ਕਰਦਿਆਂ ਨਵੀਂ ਸੂਬਾਈ ਪਾਰਟੀ ‘ਅਕਾਲੀ ਦਲ (ਵਾਰਿਸ ਪੰਜਾਬ ਦੇ)’ ਬਣਾਉਣ ਦਾ ਐਲਾਨ ਕੀਤਾ ਗਿਆ। ਇਹ ਕਾਨਫਰੰਸ ਬਠਿੰਡਾ ਰੋਡ ਉਪਰ ‘ਗਰੀਨ ਸੀ ਰਿਜ਼ੋਰਟਸ’ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਸਟੇਜ ਤੋਂ ਫਰੀਦਕੋਟ ਦੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਹੋਰਨਾਂ ਨੇ ਸੰਬੋਧਨ ਕੀਤਾ। ਪਾਸ ਕੀਤੇ ਮਤੇ ਅਨੁਸਾਰ ਡਿਬਰੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪਾਰਟੀ ਦਾ ਮੁੱਖ ਸੇਵਾਦਾਰ ਬਣਾਇਆ ਗਿਆ। ਪਾਰਟੀ ਦੇ ਸੂਥਾਈ ਪ੍ਰਧਾਨ ਦੀ ਚੋਣ ਤੱਕ ਪੰਜ ਮੈਂਬਰ ਕਾਰਜਕਾਰੀ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਤਰਸੇਮ ਸਿੰਘ (ਅੰਮ੍ਰਿਤਪਾਲ ਸਿੰਘ ਦੇ ਪਿਤਾ), ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ, ਅਮਰਜੀਤ ਸਿੰਘ, ਹਰਭਜਨ ਸਿੰਘ ਤੁੜ ਅਤੇ ਸੁਰਜੀਤ ਸਿੰਘ ਸ਼ਾਮਲ ਕੀਤੇ ਗਏ ਹਨ।
ਇਸੇ ਤਰ੍ਹਾਂ ਨਵੀਂ ਭਰਤੀ ਲਈ ਸੱਤ ਮੈਂਬਰ ਕਮੇਟੀ ਬਣਾਈ ਗਈ ਹੈ। ਪਾਰਟੀ ਦਾ ਸੰਵਿਧਾਨ ਤੇ ਏਜੰਡਾ ਬਣਾਉਣ ਲਈ ਵੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਵਿਸਾਖੀ ਤੱਕ ਮਾਹਿਰਾਂ ਦੀ ਸਲਾਹ ਨਾਲ ਆਪਣਾ ਕੰਮ ਪੂਰਾ ਕਰੇਗੀ। ਪਾਸ ਕੀਤੇ ਮਤੇ ਮੁਤਾਬਕ ਸ੍ਰੀ ਅਕਾਲ ਤਖ਼ਤ ਦੇ ਮੀਰੀ-ਪੀਰੀ ਸਿਧਾਂਤ ਦੀ ਰਾਖੀ ਕਰਨੀ, ਸਮੁੱਖੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕੀਤੀ, ਨਸਲਾਂ ਤੇ ਫਸਲਾਂ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨੀ, ਆਨੰਦਪੁਰ ਸਾਹਿਬ ਮਤੇ ਦੀ ਵਾਪਸੀ ਇਸ ਸਿਆਸੀ ਪਾਰਟੀ ਦੇ ਮੰਤਵ ਹੋਣਗੇ।
ਇਸੇ ਤਰ੍ਹਾਂ ਵਿਦਿਅਕ ਢਾਂਚੇ ਵਿੱਚ ਗੈਰ ਪੰਜਾਬੀ ਲੋਕਾਂ ਦੇ ਦਖ਼ਲ ਨੂੰ ਰੋਕਿਆ ਜਾਵੇਗਾ ਅਤੇ ਪੰਜਾਬ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਵੇਗੀ। ਪੰਜਾਬ ਵਿੱਚ ਯੋਜਨਾਬੱਧ ਤਰੀਕੇ ਨਾਲ ਹੋ ਰਹੇ ਪਰਵਾਸ ਅਤੇ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਯਤਨ ਕੀਤੇ ਜਾਣਗੇ। ਬੇਅਦਬੀਆਂ ਕਰ ਕੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲਾਂਬੂ ਲਾਉਣ ਦੀਆਂ ਕੋਸ਼ਿਸ਼ਾਂ ਨੂੰ ਰੋਕਿਆ ਜਾਵੇਗਾ। ਪਾਰਟੀ ਹਰ ਵਰਗ ਦੀ ਨੁਮਾਇੰਦਗੀ ਨਾਲ ਅੱਗੇ ਵਧੇਗੀ। ਸਿੱਖ ਰਾਜਨੀਤੀ ਦਾ ਬਦਲਵਾਂ ਬਿਰਤਾਂਤ ਸਿਰਜਣ ਲਈ ਏਕਤਾ ਦੀ ਅਪੀਲ ਕੀਤੀ ਗਈ।
You must be logged in to post a comment Login