ਅਸ਼ਵਿਨ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ

ਅਸ਼ਵਿਨ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ

ਬ੍ਰਿਸਬੇਨ, 18 ਦਸੰਬਰ- ਭਾਰਤ ਦੇ ਤਜਰਬੇਕਾਰ ਆਫ਼ ਸਪਿੰਨਰ ਰਵੀਚੰਦਰਨ ਅਸ਼ਿਵਨ ਨੇ ਬੁੱਧਵਾਰ ਨੂੰ ਆਸਟਰੇਲੀਆ ਖਿਲਾਫ਼ ਜਾਰੀ ਟੈਸਟ ਲੜੀ ਦਰਮਿਆਨ ਕੌਮਾਂਤਰੀ ਕ੍ਰਿਕਟ ਤੋਂ ਫੌਰੀ ਸੰਨਿਆਸ ਲੈੈਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਸ਼ਿਵਨ ਨੇ ਅਨਿਲ ਕੁੰਬਲੇ (619) ਤੋਂ ਬਾਅਦ ਸਭ ਤੋਂ ਵੱਧ (537) ਵਿਕਟ ਲਏ ਹਨ। ਉਂਝ ਅਸ਼ਿਵਨ ਕਲੱਬ ਕ੍ਰਿਕਟ ਖੇਡਦਾ ਰਹੇਗਾ। ਅਸ਼ਿਵਨ ਨੇ ਬ੍ਰਿਸਬੇਨ ਵਿਚ ਤੀਜਾ ਟੈਸਟ ਮੈਚ ਡਰਾਅ ਰਹਿਣ ਮਗਰੋਂ ਕਪਤਾਨ ਰੋਹਿਤ ਸ਼ਰਮਾ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਮੈਂ ਤੁਹਾਡਾ ਵਧੇਰੇ ਸਮਾਂ ਨਹੀਂ ਲਵਾਂਗਾ। ਇਹ ਭਾਰਤੀ ਟੀਮ ਦੇ ਕ੍ਰਿਕਟਰ ਵਜੋਂ ਮੇਰਾ ਆਖਰੀ ਦਿਨ ਹੈ।’’ ਇਸ ਮਗਰੋਂ ਅਸ਼ਿਵਨ ਨੇ ਪੱਤਰਕਾਰਾਂ ਦਾ ਕੋਈ ਹੋਰ ਸਵਾਲ ਲੈਣ ਤੋਂ ਨਾਂਹ ਕਰ ਦਿੱਤੀ ਤੇ ਸੰਨਿਆਸ ਦਾ ਐਲਾਨ ਕਰਕੇ ਉਥੋਂ ਚਲਾ ਗਿਆ। ਅਸ਼ਿਵਨ ਨੇ ਐਡੀਲੇਡ ਵਿਚ ਗੁਲਾਬੀ ਗੇਂਦ ਨਾਲ ਟੈਸਟ ਮੈਚ ਖੇਡ ਕੇ ਇਕ ਵਿਕਟ ਲਿਆ ਸੀ। ਰੋਹਿਤ ਨੇ ਅਸ਼ਿਵਨ ਦੇ ਜਾਣ ਮਗਰੋਂ ਕਿਹਾ, ‘‘ਉਹ ਆਪਣੇ ਫੈਸਲੇ ਨੂੰ ਲੈ ਕੇ ਕਾਫ਼ੀ ਭਰੋਸੇ ਵਿਚ ਹਨ। ਸਾਨੂੰ ਉਸ ਦੀ ਇੱਛਾ ਦਾ ਸਨਮਾਨ ਕਰਨਾ ਚਾਹੀਦਾ ਹੈ।’’ ਉਂਝ ਸੰਨਿਆਸ ਦੇ ਐਲਾਨ ਤੋਂ ਪਹਿਲਾਂ ਅਸ਼ਿਵਨ ਨੂੰ ਡਰੈਸਿੰਗ ਰੂਮ ਵਿਚ ਵਿਰਾਟ ਕੋਹਲੀ ਨਾਲ ਬੇਹੱਦ ਭਾਵੁਕ ਹੁੰਦਿਆਂ ਦੇਖਿਆ ਗਿਆ। ਉਧਰ ਬੀਸੀਸੀਆਈ ਨੇ ਐਕਸ ’ਤੇ ਲਿਖਿਆ, ‘‘ਅਸ਼ਿਵਨ ਨਿਪੁੰਨਤਾ, ਹੁਨਰ, ਪ੍ਰਤਿਭਾ ਅਤੇ ਨਵੀਨਤਾ ਦਾ ਦੂਜਾ ਨਾਮ ਹੈ।’’

You must be logged in to post a comment Login