ਸਿਡਨੀ, 14 ਜਨਵਰੀ : ਆਸਟਰੇਲੀਆ ਨੇ ਕਾਮਿਆਂ ਦਾ ਸ਼ੋਸ਼ਣ ਰੋਕਣ ਲਈ ਸਖ਼ਤੀ ਕਰਨੀ ਸ਼ੁਰੂ ਕਰ ਕੀਤੀ ਹੈ। ਇਕ ਮਿਥੀ ਹੱਦ ਨਾਲੋਂ ਘੱਟ ਤਨਖ਼ਾਹ ਦੇਣ ਵਾਲੇ ਕਾਰੋਬਾਰੀਆਂ ਲਈ ਨਵਾਂ ਕਾਨੂੰਨ ਪਹਿਲੀ ਜਨਵਰੀ ਤੋਂ ਲਾਗੂ ਕੀਤਾ ਜਾ ਚੁੱਕਾ ਹੈ। ਹੁਣ ਕਿਸੇ ਮੁਲਾਜ਼ਮ ਨੂੰ ਘੱਟ ਤਨਖ਼ਾਹ ਦੇਣ ਜਾਂ ਹੱਕਾਂ ਤੋਂ ਵਾਂਝੇ ਰੱਖਣ ਦੀ ਅਣਗਹਿਲੀ ਇੱਕ ਸਜ਼ਾਯੋਗ ਜੁਰਮ ਹੋਵੇਗੀ। ਗ਼ੌਰਤਲਬ ਹੈ ਕਿ ਕਈ ਕਾਰੋਬਾਰੀ ਕਾਮਿਆਂ ਨੂੰ ਘੱਟ ਤਨਖ਼ਾਹ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਸਨ। ਆਰਥਿਕ ਲੁੱਟ ਦੇ ਸ਼ਿਕਾਰ ਪੀੜਤਾਂ ’ਚ ਖ਼ਾਸਕਰ ਭਾਰਤ ਸਮੇਤ ਹੋਰਨਾਂ ਮੁਲਕਾਂ ਤੋਂ ਆਏ ਸਟੂਡੈਂਟਸ, ਕੱਚੇ ਵੀਜ਼ੇ ਵਾਲੇ ਪਰਵਾਸੀ ਵਰਕਰ ਵਧੇਰੇ ਹਨ। ਇਨ੍ਹਾਂ ਨੂੰ ਕਈ ਕਾਰੋਬਾਰੀ ਸਸਤੀ ਲੇਬਰ ਦੇ ਤੌਰ ’ਤੇ ਵਰਤਦੇ ਹਨ। ਆਸਟਰੇਲੀਆ ਦੇ ਕੰਮ ਕਾਜ ਦੀਆਂ ਥਾਵਾਂ ਤੇ ਕਿਰਤ ਕਾਨੂੰਨਾਂ ਬਾਰੇ ਫੇਅਰ ਵਰਕ ਓਮਬਡਸਮੈਨ ਦੀ ਮੁਖੀ ਸ੍ਰੀਮਤੀ ਐਨਾ ਬੂਥ ਨੇ ਦੱਸਿਆ ਕਿ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਅਦਾਲਤ ਵੱਲੋਂ ਵੱਧ ਤੋਂ ਵੱਧ 10 ਸਾਲ ਦੀ ਕੈਦ 16.5 ਲੱਖ ਡਾਲਰ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਸ੍ਰੀਮਤੀ ਹਰਜਿੰਦਰ ਕੌਰ ਨਾਮ ਦੀ ਪੀੜਤ ਨੇ ਫੇਅਰ ਵਰਕ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਕਰਿਆਨੇ ਦੀ ਦੁਕਾਨ ਉੱਤੇ ਕੰਮ ਕਰਦੀ ਸੀ। ਉਸ ਨੂੰ ਨਿਯਮਾਂ ਅਨੁਸਾਰ ਤਨਖ਼ਾਹ ਅਦਾ ਨਹੀਂ ਕੀਤੀ ਗਈ। ਉਹ ਵੀਜ਼ਾ ਸ਼੍ਰੇਣੀ 187 ਤਹਿਤ ਨੀਮ ਸ਼ਹਿਰੀ ਖੇਤਰ ਚ ਕੰਮ ਕਰਦੀ ਸੀ। ਉਸ ਨੂੰ ਕਾਰੋਬਾਰੀ ਨੇ ਦੇਸ਼ ਨਿਕਾਲਾ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਪਰ ਪੁਖ਼ਤਾ ਕਾਨੂੰਨ ਨਾ ਹੋਣ ਕਾਰਨ ਕਾਰੋਬਾਰੀ ਸਖ਼ਤ ਕਾਰਵਾਈ ਤੋਂ ਬਚ ਨਿਕਲਿਆ ਸੀ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login