ਰੂਪਨਗਰ, 20 ਅਗਸਤ- ਇੱਥੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦੀ ਰਿਹਾਇਸ਼ ਅੱਗੇ ਮੇਨ ਬਾਜ਼ਾਰ ਨੂੰ ਜਾਂਦੇ ਰਸਤੇ ’ਤੇ ਸਬਜ਼ੀਆਂ ਤੇ ਫਲਾਂ ਦੀਆਂ ਰੇਹੜੀਆਂ ਲਾਉਣ ਨੂੰ ਲੈ ਕੇ ਸ਼ੁਰੂ ਹੋਈ ਲੜਾਈ ਖੂਨੀ ਝੜਪ ਵਿੱਚ ਤਬਦੀਲ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨਹੀਮ ਵਾਸੀ ਸ਼ਾਮਪੁਰਾ ਅਤੇ ਮਨਿੰਦਰ ਸਿੰਘ ਵਾਸੀ ਭਿੰਡਰ ਨਗਰ ਦੀ ਆਪੋ-ਆਪਣੀ ਰੇਹੜੀ ਖੜ੍ਹੀ ਕਰਨ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਅਤੇ ਥੋੜੀ ਦੇਰ ਬਾਅਦ ਹੱਥੋਪਾਈ ਦੀ ਨੌਬਤ ਆ ਗਈ। ਇਸੇ ਦੌਰਾਨ ਦੋਹਾਂ ਨੇ ਆਪੋ ਆਪਣੀਆਂ ਰੇਹੜੀਆਂ ਤੋਂ ਸਬਜ਼ੀਆਂ ਕੱਟਣ ਵਾਲੇ ਚਾਕੂ ਚੁੱਕ ਲਏ ਅਤੇ ਇੱਕ-ਦੂਜੇ ’ਤੇ ਕਾਫੀ ਵਾਰ ਕੀਤੇ ਅਤੇ ਦੋਹਾਂ ਦੇ ਕੱਪੜੇ ਖੂਨ ਨਾਲ ਭਿੱਜ ਗਏ। ਉੱਥੋਂ ਲੰਘ ਰਹੇ ਰਾਹਗੀਰ ਦੋਹਾਂ ਧਿਰਾਂ ਨੂੰ ਛੁਡਾਉਣ ਦੀ ਥਾਂ ਲੜਾਈ ਦੀਆਂ ਵੀਡੀਓਜ਼ ਬਣਾਉਣ ਲੱਗ ਪਏ। ਕਾਫੀ ਦੇਰ ਬਾਅਦ ਕਿਸੇ ਰਾਹਗੀਰ ਨੇ ਆ ਕੇ ਦੋਹਾਂ ਨੂੰ ਛੁਡਵਾਇਆ। ਉਪਰੰਤ ਦੋਵੇਂ ਧਿਰਾਂ ਹਸਪਤਾਲ ਪੁੱਜ ਗਈਆਂ। ਨਹੀਮ ਦੀ ਹਾਲਤ ਜ਼ਿਆਦਾ ਖ਼ਰਾਬ ਸੀ। ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਥਾਣਾ ਸਿਟੀ ਰੂਪਨਗਰ ਦੇ ਮੁਖੀ ਪਵਨ ਕੁਮਾਰ ਨੇ ਦੱਸਿਆ ਕਿ ਨਹੀਮ ਦੀ ਸ਼ਿਕਾਇਤ ’ਤੇ ਮਨਿੰਦਰ ਸਿੰਘ ਵਿਰੁੱਧ ਇਰਾਦਾ ਕਤਲ ਦੀ ਧਾਰਾ 307 ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ, ਇਸ ਲੜਾਈ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਅੱਜ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ।

You must be logged in to post a comment Login