ਕੈਨੇਡਾ: ਨਵੇਂ ਲਿਬਰਲ ਆਗੂ ਦੀ ਚੋਣ 9 ਮਾਰਚ ਨੂੰ

ਕੈਨੇਡਾ: ਨਵੇਂ ਲਿਬਰਲ ਆਗੂ ਦੀ ਚੋਣ 9 ਮਾਰਚ ਨੂੰ

ਵੈਨਕੂਵਰ, 11 ਜਨਵਰੀ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 6 ਮਾਰਚ ਨੂੰ ਲਿਬਰਲ ਪਾਰਟੀ ਦੇ ਸੰਸਦੀ ਆਗੂ ਦੇ ਅਹੁਦੇ ਤੋਂ ਮੁਸਤਫੀ ਹੋਣ ਦੇ ਐਲਾਨ ਤੋਂ ਬਾਅਦ ਨਵੇਂ ਆਗੂ ਦੀ ਚੋਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕੱਲ੍ਹ ਹੋਈ ਪਾਰਟੀ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਨਵੇਂ ਆਗੂ ਦੀ ਚੋਣ 9 ਮਾਰਚ ਨੂੰ ਹੋਵੇਗੀ, ਜਿਸ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਆਖਰੀ ਦਿਨ 23 ਜਨਵਰੀ ਤੈਅ ਕੀਤਾ ਗਿਆ ਹੈ। ਇਸ ਅਹੁਦੇ ਲਈ ਚੋਣ ਮੈਦਾਨ ਵਿੱਚ ਕੁੱਦਣ ਦੇ ਚਾਹਵਾਨ ਆਗੂਆਂ ਨੂੰ 3.5 ਲੱਖ ਡਾਲਰ (ਪ੍ਰਤੀ ਉਮੀਦਵਾਰ) ਪਾਰਟੀ ਕੋਲ ਜਮ੍ਹਾਂ ਕਰਵਾਉਣੇ ਹੋਣਗੇ।ਪਾਰਟੀ ਆਗੂ ਬਣਨ ਵਾਲਿਆਂ ਦੀ ਦੌੜ ਵਿੱਚ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਅਤੇ ਬੀਸੀ ਦੀ ਸਾਬਕਾ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਪ੍ਰਮੁੱਖ ਦਾਅਵੇਦਾਰਾਂ ’ਚ ਸ਼ਾਮਲ ਹਨ। ਉਂਝ, ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਚੰਦਰ ਆਰੀਆ ਅਤੇ ਕਿਊਬਕ ਤੋਂ ਸੰਸਦ ਮੈਂਬਰ ਫ਼ਰੈਂਕ ਬੈਲਿਸ ਵੀ ਉਮੀਦਵਾਰੀ ਦਾ ਦਾਅਵਾ ਕਰਨ ਦਾ ਮਨ ਬਣਾ ਰਹੇ ਹਨ। ਪਾਰਟੀ ਦੇ ਨਵੇਂ ਮੈਂਬਰ ਬਣਨ ਦੇ ਚਾਹਵਾਨ ਵਿਅਕਤੀ 27 ਜਨਵਰੀ ਤੱਕ ਅਰਜ਼ੀਆਂ ਦੇ ਸਕਦੇ ਹਨ। ਮੈਂਬਰਾਂ ਨੂੰ ਵੋਟ ਦਾ ਅਧਿਕਾਰ ਦੇਣ ਦੀਆਂ ਸ਼ਰਤਾਂ ਪਹਿਲਾਂ ਨਾਲੋਂ ਸਖ਼ਤ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਨਵੀਆਂ ਸ਼ਰਤਾਂ ਤਹਿਤ 14 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਕੈਨੇਡਿਆਈ ਨਾਗਰਿਕ ਜਾਂ ਪੱਕੇ ਰਿਹਾਇਸ਼ੀ ਵਿਅਕਤੀ ਮੈਂਬਰ ਬਣਨ ਤੇ ਆਗੂ ਚੁਣਨ ਲਈ ਵੋਟ ਦਾ ਹੱਕ ਰੱਖਦੇ ਹਨ।

You must be logged in to post a comment Login