ਵੈਨਕੂਵਰ, 15 ਦਸੰਬਰ : ਬਰੈਂਪਟਨ ਸ਼ਹਿਰ ਦੇ ਅਮਨ ਕਨੂੰਨ ਲਈ ਜ਼ਿੰਮੇਵਾਰ ਪੀਲ ਖੇਤਰੀ ਪੁਲੀਸ ਨੇ 3 ਨਵੰਬਰ ਨੂੰ ਗੋਰ ਰੋਡ ਸਥਿਤ ਹਿੰਦੂ ਮੰਦਰ ਦੇ ਬਾਹਰ ਖਾਲਿਸਤਾਨ ਸਮਥਕਾਂ ਤੇ ਹੋਰਾਂ ਦੀਆਂ ਹੋਈਆਂ ਹਿੰਸਕ ਝੜਪਾਂ ਵਿੱਚ ਦੋਸ਼ੀ ਪਾਏ ਗਏ ਲੋਕਾਂ ਦੀਆਂ ਫੋਟੋਆਂ ਜਾਰੀ ਕਰ ਕੇ ਆਮ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਗ੍ਰਿਫਤਾਰੀ ਸੰਭਵ ਹੋ ਸਕੇ। ਫੋਟੋ ਜਾਰੀ ਕਰਦਿਆਂ ਪੁਲੀਸ ਨੇ ਪ੍ਰੈਸ ਨੋਟ ਵਿੱਚ ਕਿਹਾ ਕਿ ਫੋਟੋਆਂ ਵਿਚਲੇ ਲੋਕਾਂ ਦੀ ਪਛਾਣ ਕਰ ਕੇ ਪੁਲੀਸ ਨੂੰ ਦੱਸਣ ਦੀ ਅਪੀਲ ਕੀਤੀ ਜਾਂਦੀ ਹੈ। ਪੁਲੀਸ ਅਨੁਸਾਰ ਲੰਘੀ 3 ਨਵੰਬਰ ਨੂੰ ਗੋਰ ਰੋਡ ਵਾਲੇ ਮੰਦਰ ਅਤੇ ਉਸ ਤੋਂ ਅਗਲੇ ਦਿਨ ਮਿਸੀਸਾਗਾ ਖੇਤਰ ਵਿੱਚ ਹੋਈ ਹੁਲੜਬਾਜ਼ੀ ਦੀਆਂ ਦਰਜਨਾਂ ਵੀਡੀਓ ਉਨ੍ਹਾਂ ਕੋਲ ਪੁੱਜੀਆਂ ਹਨ, ਜਿਨ੍ਹਾਂ ਦੀ ਉਦੋਂ ਤੋਂ ਜਾਂਚ ਕੀਤੀ ਜਾ ਰਹੀ ਸੀ ਤੇ ਆਖਰ ਕੁਝ ਉਹ ਲੋਕ ਜਿਨ੍ਹਾਂ ਇਸ ਹੁਲੜਬਾਜ਼ੀ ਵਿੱਚ ਮੋਹਰੀ ਰੋਲ ਅਦਾ ਕੀਤੇ, ਉਨ੍ਹਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ। ਪਰ ਉਨ੍ਹਾਂ ਦੀ ਪਛਾਣ ਕਰਨ ਵਿੱਚ ਆ ਰਹੀ ਦਿੱਕਤ ਕਾਰਨ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਤਾਂ ਜੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਟਿਹਰੇ ’ਚ ਖੜ੍ਹਾਇਆ ਜਾ ਸਕੇ। ਪੁਲੀਸ ਦਾ ਕਹਿਣਾ ਹੈ ਕਿ ਸੂਚਨਾਕਾਰਾਂ ਦੀ ਪਛਾਣ ਗੁਪਤ ਰੱਖੀ ਜਾਏਗੀ ਤੇ ਉਨ੍ਹਾਂ ਤੋਂ ਕੋਈ ਅਜਿਹੀ ਪੁੱਛ ਪੜਤਾਲ ਨਹੀਂ ਕੀਤੀ ਜਾਏਗੀ, ਜੋ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੋਵੇ। ਪੁਲੀਸ ਨੇ ਇਸ ਸਬੰਧੀ ਆਪਣੇ ਅਧਿਕਾਰਤ ‘ਐਕਸ’ ਖ਼ਾਤੇ ਉਤੇ ਇਕ ਟਵੀਟ ਪਾਈ ਹੈ।

You must be logged in to post a comment Login