ਡੱਲੇਵਾਲ 26 ਨਵੰਬਰ ਤੋਂ ਖਨੋਰੀ ਬਾਰਡਰ ਉੱਤੇ ਬੈਠਣਗੇ ਮਰਨ ਵਰਤ ‘ਤੇ

ਡੱਲੇਵਾਲ 26 ਨਵੰਬਰ ਤੋਂ ਖਨੋਰੀ ਬਾਰਡਰ ਉੱਤੇ ਬੈਠਣਗੇ ਮਰਨ ਵਰਤ ‘ਤੇ

ਚੰਡੀਗੜ੍ਹ, 17 ਨਵੰਬਰ (ਗੁਰਪ੍ਰੀਤ ਕੰਬੋਜ ਸੂਲਰ) : ਕਿਸਾਨ ਭਵਨ ਚੰਡੀਗੜ੍ਹ ਵਿਖੇ ਐੱਸ.ਕੇ.ਐੱਮ. ਗੈਰ-ਸਿਆਸੀ ਤੇ ਕੇ.ਐਮ.ਐਮ ਵੱਲੋਂ ਮੀਟਿੰਗ ਕੀਤੀ ਗਈ, ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਅਤੇ ਐਲਾਨ ਕੀਤਾ ਗਿਆ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਖਨੋਰੀ ਬਾਰਡਰ ਵਿਖੇ ਮਰਨ ਵਰਤ ‘ਤੇ ਬੈਠਣਗੇ ਅਤੇ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਆਖਰੀ ਸਾਹ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਜੇਕਰ ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਰਹੀ ਅਤੇ ਕਿਸਾਨ ਆਗੂ ਜਗਜੀਤ ਸਿੰਘ ਦੀ ਜਾਨ ਚਲੀ ਜਾਂਦੀ ਹੈ ਤਾਂ ਇਸਦੀ ਜ਼ਿੰਮੇਵਾਰ ਕੇਂਦਰ ਅਤੇ ਸੂਬਾ ਸਰਕਾਰ ਹੋਵੇਗੀ ਅਤੇ ਇਸ ਨਾਲ ਅਗਲੀ ਕਤਾਰ ‘ਚ ਹੋਰ ਕਿਸਾਨ ਆਗੂਆਂ ਨੂੰ ਕੁਰਬਾਨੀ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਉਹ ਵੀ ਮਰਨ ਵਰਤ ‘ਤੇ ਬੈਠਣਗੇ। ਇਹ ਸਖ਼ਤ ਮੰਗਾਂ ਉਦੋਂ ਤੱਕ ਜਾਰੀ ਰਹਿਣਗੀਆਂ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਪੂਰਾ ਨਹੀਂ ਕਰ ਲੈਂਦੇ।ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਕੁਰਬਾਨੀ ਦੇਣ ਲਈ ਮਰਨ ਵਰਤ ‘ਤੇ ਬੈਠਾਂਗੇ ਕਿਉਕਿ ਸਰਕਾਰ ਨੇ ਅੰਦੋਲਨ ਦੀ ਲਗਾਤਾਰ ਅਣਦੇਖੀ ਕੀਤੀ ਗਈ ਹੈ। ਇਸ ਮੌਕੇ ਬੋਲਦੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 26 ਤਰੀਕ ਨੂੰ ਦੋਨਾਂ ਫੋਰਮਾਂ ਦੀ ਲੀਡਰਸ਼ਿਪ ਹਾਜ਼ਿਰ ਹੋ ਕੇ ਡੱਲੇਵਾਲ ਜੀ ਦਾ ਅਨਸ਼ਨ ਸ਼ੁਰੂ ਕਰਵਾਉਣਗੇ। ਆਗੂਆਂ ਜਾਣਕਾਰੀ ਦਿੱਤੀ ਕਿ ਅਗਰ ਡੱਲੇਵਾਲ ਜੀ ਦੀ ਇਸ ਦੌਰਾਨ ਜਾਨ ਜਾਂਦੀ ਹੈ ਤਾਂ ਉਸਦੇ ਮੁੱਖ ਕਸੂਰਵਾਰ ਕੇਂਦਰ ਅਤੇ ਸੂਬਾ ਸਰਕਾਰ ਹੋਣਗੇ ਅਤੇ ਅਜਿਹੀ ਸਥਿੱਤੀ ਵਿੱਚ ਅਗਲੇ ਆਗੂ ਮਰਨ ਵਰਤ ਤੇ ਬੈਠਣਗੇ।

You must be logged in to post a comment Login