ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਦਾ ਵੀਜ਼ਾ ਰੱਦ ਕਰਕੇ ਮੁਲਕ ’ਚੋਂ ਕੱਢਣ ਦਾ ਫੈਸਲਾ

ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਦਾ ਵੀਜ਼ਾ ਰੱਦ ਕਰਕੇ ਮੁਲਕ ’ਚੋਂ ਕੱਢਣ ਦਾ ਫੈਸਲਾ

ਮੈਲਬਰਨ, 9 ਦਸੰਬਰ- ਆਸਟਰੇਲੀਆ ਨੇ ਗੁਰਬਾਣੀ ਦੀ ਬੇਅਦਬੀ ਅਤੇ ਗੁਟਕਾ ਸਾਹਿਬ ਦੇ ਅੰਗ ਖਿਲਾਰਨ ਵਾਲੇ ਕਥਿਤ ਦੋਸ਼ੀ ਦਾ ਵੀਜ਼ਾ ਰੱਦ ਕਰਦਿਆਂ ਉਸ ਨੂੰ ਮੁਲਕ ’ਚੋਂ ਕੱਢਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਅਗਸਤ ’ਚ ਪਰਥ ਸਥਿਤ ਗੁਰਦੁਆਰਾ ਕੈਨਿੰਗਵੇਲ ਦੇ ਬਾਹਰ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਸੀ ਅਤੇ ਬੇਅਦਬੀ ਕਰਨ ਦੇ ਦੋਸ਼ ਹੇਠ ਖਿਜਾਰ ਹਿਆਤ (21) ਨੂੰ ਵੈਸਟਰਨ ਆਸਟਰੇਲੀਆ ਪੁਲੀਸ ਦੀਆਂ ਟੀਮਾਂ ਨੇ ਘਟਨਾ ਤੋਂ ਕੁਝ ਦਿਨਾਂ ਬਾਅਦ ਹੀ ਗ੍ਰਿਫ਼ਤਾਰ ਕਰਨ ਮਗਰੋਂ ਸਥਾਨਕ ਅਦਾਲਤ ’ਚ ਪੇਸ਼ ਕੀਤਾ ਸੀ, ਪਰ ਅਦਾਲਤੀ ਕਾਨੂੰਨ ਮੁਤਾਬਕ ਉਕਤ ਕਥਿਤ ਦੋਸ਼ੀ ਨੂੰ ਸਖ਼ਤ ਸਜ਼ਾ ਨਾ ਦੇਣ ਤੋਂ ਸਿੱਖ ਸੰਸਥਾਵਾਂ ਵੱਲੋਂ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਨੂੰ ਇਸ ਬਾਰੇ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਸੀ। ਹੁਣ ਸਖ਼ਤ ਕਦਮ ਚੁੱਕਦਿਆਂ ਮੁਲਕ ਦੇ ਆਵਾਸ ਮੰਤਰੀ ਟੋਨੀ ਬਰਕ ਨੇ ਕਥਿਤ ਦੋਸ਼ੀ ਦਾ ਵੀਜ਼ਾ ਰੱਦ ਕਰਦਿਆਂ ਉਸ ਨੂੰ ਮੁਲਕ ’ਚੋਂ ਕੱਢਣ ਦਾ ਐਲਾਨ ਕੀਤਾ ਹੈ। ਅਗਲੇਰੀ ਕਾਰਵਾਈ ਮਗਰੋਂ ਇਸ ਸਮੇਂ ਆਵਾਸ ਬੰਦੀ ਕੇਂਦਰ ’ਚ ਨਜ਼ਰਬੰਦ ਖਿਜਾਰ ਹਿਆਤ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਕ ਉਸ ਦਾ ਪਿਛੋਕੜ ਪਾਕਿਸਤਾਨ ਦਾ ਹੈ। ਸਿੱਖ ਐਸੋਸੀਏਸ਼ਨ ਆਫ਼ ਵੈਸਟਰਨ ਆਸਟਰੇਲੀਆ ਨੇ ਆਵਾਸ ਮੰਤਰੀ ਟੋਨੀ ਬਰਕ ਤੇ ਸੂਬਾ ਸੰਸਦ ਮੈਂਬਰ ਸੈਮ ਲਿਮ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ।

You must be logged in to post a comment Login