ਕਿਸਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਦਿੱਲੀ ਚੱਲੋ ਮੋਰਚਾ ਮੁਲਤਵੀ

ਕਿਸਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਦਿੱਲੀ ਚੱਲੋ ਮੋਰਚਾ ਮੁਲਤਵੀ
ਸ਼ੰਭੂ/ਪਟਿਆਲਾ, 8 ਦਸੰਬਰ- ਇੱਥੇ ਦੀ ਹਰਿਆਣਾ ਹੱਦ ’ਤੇ ਕਈ ਕਿਸਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਦਿੱਲੀ ਕੂਚ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ। ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਲਈ ਕਾਨੂੰਨੀ ਗਾਰੰਟੀ ਸਣੇ ਵੱਖ ਵੱਖ ਮੰਗਾਂ ਨੂੰ ਲੈ ਕੇ ਕੇਂਦਰ ’ਤੇ ਦਬਾਅ ਬਣਾਉਣ ਲਈ 101 ਕਿਸਾਨਾਂ ਦਾ ਇਕ ਹੋਰ ਜਥਾ ਅੱਜ ਦੁਪਹਿਰ 12 ਵਜੇ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋਇਆ। ਸ਼ੰਭੂ ਬਾਰਡਰ ’ਤੇ ਹਰਿਆਣਾ ਵਾਲੇ ਤਾਇਨਾਤ ਹਰਿਆਣਾ ਪੁਲੀਸ ਨੇ ਜਥੇ ਨੂੰ ਅੱਗੇ ਵਧਣ ਤੋਂ ਰੋਕਣ ਲਈ ਗੱਲਬਾਤ ਤੋਂ ਬਾਅਦ ਬਾਅਦ ਦੁਪਹਿਰ 12.40 ਵਜੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਕਿਸਾਨਾਂ ਵਿੱਚ ਭਗਦੜ ਮੱਚ ਗਈ। ਇਸ ਦੌਰਾਨ ਅੱਜ ਫਿਰ ਕਈ ਕਿਸਾਨ ਜ਼ਖ਼ਮੀ ਹੋ ਗਏ ਤੇ ਚਾਰ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਸਰਵਣ ਸਿੰਘ ਪੰਧੇਰ ਵੱਲੋਂ ਕੀਤੀ ਗਈ ਅਪੀਲ ’ਤੇ ਕਿਸਾਨਾਂ ਦਾ ਜਥਾ ਵਾਪਸ ਕੈਂਪ ਵਿੱਚ ਪਰਤ ਆਇਆ। ਅਗਲਾ ਪ੍ਰੋਗਰਾਮ ਉਹ 5 ਵਜੇ ਪ੍ਰੈੱਸ ਕਾਨਫਰੰਸ ਕਰਕੇ ਦੇਣਗੇ। ਮੋਰਚੇ ਦੇ ਮੋਢੀ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜ਼ਖ਼ਮੀ ਕਿਸਾਨਾਂ ਵਿੱਚੋਂ ਇੱਕ ਕਿਸਾਨ ਦੀ ਹਾਲਤ ਵਧੇਰੇ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।

You must be logged in to post a comment Login