ਚੰਡੀਗੜ੍ਹ, 31 ਦਸੰਬਰ- ਪੰਜਾਬ ਅਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਅੱਜ ਪੰਜਾਬ ਦੇ ਇਕ ਦਰਜਨ ਦੇ ਕਰੀਬ ਸ਼ਹਿਰਾਂ ਵਿੱਚ ਸੰਘਣੀ ਧੁੰਦ ਕਾਰਨ ਦਿਸਣ ਹੱਦ ਘੱਟ ਗਈ ਹੈ। ਸੂਬੇ ਵਿੱਚ ਤਾਪਮਾਨ 8.5 ਡਿਗਰੀ ਸੈਲਸੀਅਸ ਤੱਕ ਆ ਗਿਆ ਹੈ। ਮੌਸਮ ਵਿਗਿਆਨੀਆਂ ਨੇ 31 ਦਸੰਬਰ ਨੂੰ ਸੂਬੇ ਵਿੱਚ ਸੰਘਣੀ ਧੁੰਦ ਤੇ ਠੰਢ ਪੈਣ ਸਬੰਧੀ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਅੰਮ੍ਰਿਤਸਰ ਤੇ ਹੋਰ ਕਈ ਸ਼ਹਿਰਾਂ ਵਿੱਚ ਸੰਘਣੀ ਧੁੰਦ ਪੈਣ ਕਾਰਨ ਦਿਸਣ ਹੱਦ 50 ਮੀਟਰ ਤੋਂ ਵੀ ਘੱਟ ਦਰਜ ਕੀਤੀ ਗਈ। ਪਟਿਆਲਾ ਵਿੱਚ ਦਿਸਣ ਹੱਦ 250 ਮੀਟਰ ਤੇ ਲੁਧਿਆਣਾ ਵਿੱਚ ਇਹ 500 ਮੀਟਰ ਸੀ। ਦਿਸਣ ਹੱਦ ਘਟਣ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕਈ ਸੜਕ ਹਾਦਸੇ ਵੀ ਵਾਪਰ ਰਹੇ ਹਨ। ਪੰਜਾਬ ਪੁਲੀਸ ਨੇ ਸੜਕ ਹਾਦਸਿਆਂ ’ਤੇ ਕਾਬੂ ਪਾਉਣ ਲਈ ਲੋਕਾਂ ਨੂੰ ਵਾਹਨ ਹੌਲੀ ਚਲਾਉਣ ਦੀ ਅਪੀਲ ਕੀਤੀ ਹੈ।

You must be logged in to post a comment Login