ਸੰਭਲ ਵਿਚ 10 ਦਸੰਬਰ ਤੱਕ ਬਾਹਰੀ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਲਗਾਈ

ਸੰਭਲ ਵਿਚ 10 ਦਸੰਬਰ ਤੱਕ ਬਾਹਰੀ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਲਗਾਈ

ਲਖਨਊ, 30 ਨਵੰਬਰ : ਸੰਭਲ ਜ਼ਿਲ੍ਹੇ ਵਿਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਸੰਭਲ ਜ਼ਿਲਾ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ 10 ਦਸੰਬਰ ਤੱਕ ਬਾਹਰੀ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਹੈ। ਹੁਕਮਾਂ ਅਨੁਸਾਰ 10 ਦਸੰਬਰ ਤੱਕ ਕੋਈ ਵੀ ਬਾਹਰੀ ਵਿਅਕਤੀ, ਕੋਈ ਵੀ ਸਮਾਜਿਕ ਸੰਸਥਾ ਜਾਂ ਕੋਈ ਵੀ ਲੋਕ ਨੁਮਾਇੰਦਾ ਜ਼ਿਲ੍ਹੇ ਦੀਆਂ ਹੱਦਾਂ ਵਿੱਚ ਸਮਰੱਥ ਅਧਿਕਾਰੀ ਦੀ ਆਗਿਆ ਲਏ ਬਿਨਾਂ ਦਾਖਲ ਨਹੀਂ ਹੋ ਸਕਦਾ।ਸੰਭਲ ਦੇ ਜ਼ਿਲ੍ਹਾ ਮੈਜਿਸਟਰੇਟ ਰਾਜੇਂਦਰ ਪੈਨਸੀਆ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਇਹ ਕਦਮ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਫੈਸਲਾ ਉਸ ਦਿਨ ਆਇਆ ਹੈ ਜਦੋਂ ਸਮਾਜਵਾਦੀ ਪਾਰਟੀ ਦਾ 15 ਮੈਂਬਰੀ ਵਫ਼ਦ ਸ਼ਾਹੀ ਜਾਮਾ ਮਸਜਿਦ ਕੰਪਲੈਕਸ ਵਿੱਚ ਇੱਕ ਸਰਵੇਖਣ ਤੋਂ ਬਾਅਦ ਭੜਕੀ ਹਿੰਸਾ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਸੰਭਲ ਦਾ ਦੌਰਾ ਕਰਨ ਵਾਲਾ ਸੀ। ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਾਤਾ ਪ੍ਰਸਾਦ ਪਾਂਡੇ, ਜੋ ਕਿ ਸਪਾ ਦੇ 15 ਮੈਂਬਰੀ ਵਫ਼ਦ ਦੀ ਅਗਵਾਈ ਕਰਨ ਵਾਲੇ ਸਨ, ਨੇ ਲਖਨਊ ਵਿੱਚ ਆਪਣੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਗ੍ਰਹਿ ਸਕੱਤਰ ਸੰਜੇ ਪ੍ਰਸਾਦ ਨੇ ਉਨ੍ਹਾਂ ਨੂੰ ਬੁਲਾਇਆ ਸੀ ਅਤੇ ਉਨ੍ਹਾਂ ਨੂੰ ਸੰਭਲ ਨਾ ਜਾਣ ਦੀ ਬੇਨਤੀ ਕੀਤੀ ਸੀ। ਪਾਂਡੇ ਨੇ ਕਿਹਾ, ‘‘ਡੀਐਮ ਸੰਭਲ ਨੇ ਵੀ ਮੈਨੂੰ ਫੋਨ ਕਰਕੇ ਦੱਸਿਆ ਸੀ ਕਿ ਬਾਹਰੀ ਲੋਕਾਂ ਦੇ ਦਾਖਲੇ ’ਤੇ ਪਾਬੰਦੀ 10 ਦਸੰਬਰ ਤੱਕ ਵਧਾ ਦਿੱਤੀ ਗਈ ਹੈ। ਇਸ ਲਈ ਮੈਂ ਹੁਣ ਪਾਰਟੀ ਦਫਤਰ ਜਾਵਾਂਗਾ ਅਤੇ ਅਗਲੀ ਕਾਰਵਾਈ ਬਾਰੇ ਫੈਸਲਾ ਕਰਨ ਤੋਂ ਪਹਿਲਾਂ ਇਸ ਮੁੱਦੇ ‘ਤੇ ਵਿਚਾਰ ਕਰਾਂਗਾ।’’

You must be logged in to post a comment Login