GNDU ਦੇ ਵਾਈਸ ਚਾਂਸਲਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਪੇਸ਼

GNDU ਦੇ ਵਾਈਸ ਚਾਂਸਲਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਪੇਸ਼

ਅੰਮ੍ਰਿਤਸਰ, 25 ਅਗਸਤ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੇ ਵਿਰੁੱਧ ਪਿਛਲੇ ਦਿਨੀਂ ਦੱਖਣ ਭਾਰਤ ‘ਚ ਇੱਕ ਸਮਾਗਮ ਦੌਰਾਨ ਗੁਰਮਤਿ ਫ਼ਲਸਫ਼ੇ ਦੇ ਵਿਰੁੱਧ ਪ੍ਰਗਟਾਵਾ ਕਰਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤਾਂ ਪੁੱਜੀਆਂ ਸਨ। ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੂੰ ਆਪਣਾ ਪੱਖ ਰੱਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ‘ਚ ਪਹੁੰਚ ਕੇ ਆਪਣਾ ਪੱਖ ਰੱਖਣ ਲਈ ਸੱਦਿਆ ਸੀ।ਅੱਜ ਡਾ. ਕਰਮਜੀਤ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਸਪੱਸ਼ਟੀਕਰਨ ਦਿੱਤਾ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਲੰਮਾ ਸਮਾਂ ਚੱਲੀ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਆਉਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਵਿਚਾਰ ਕਰਕੇ ਫੈਸਲਾ ਕੀਤਾ ਜਾਵੇਗਾ । ਜ਼ਿਕਰਯੋਗ ਹੈ ਕਿ ਪ੍ਰੋ. ਕਰਮਜੀਤ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਪ੍ਰੋਗਰਾਮ ‘ਚ ਸ਼ਾਮਲ ਹੋਏ ਸਨ। ਇਸ ਪ੍ਰੋਗਰਾਮ ‘ਚ ਵਾਈਸ ਚਾਂਸਲਰ ਦੀ ਮੌਜੂਦਗੀ ‘ਤੇ ਵੱਖ-ਵੱਖ ਸਿੱਖ ਸੰਗਠਨਾਂ ਅਤੇ ਵਿਦਿਆਰਥੀਆਂ ਨੇ ਤਿੱਖੀ ਪ੍ਰਤੀਕਿਰਿਆ ਵੀ ਦਿੱਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਵਾਈਸ ਚਾਂਸਲਰ ਨੂੰ ਇਸ ਸਬੰਧੀ ਇਕ ਪੱਤਰ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਵਲੋਂ ਭੇਜਿਆ ਗਿਆ ਸੀ। ਪੱਤਰ ‘ਚ ਲਿਖਿਆ ਸੀ ਕਿ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਦੇ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਸ਼ਿਕਾਇਤਾਂ ਪੁੱਜ ਰਹੀਆਂ ਹਨ ਕਿ ਆਪ ਨੇ ਦੱਖਣ ਭਾਰਤ ਵਿਚ ਹੋਏ ਇਕ ਸਮਾਗਮ ਦੌਰਾਨ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ। ਪੁੱਜੀਆਂ ਸ਼ਿਕਾਇਤਾਂ ਅਤੇ ਮੀਡੀਆ ’ਤੇ ਵਾਇਰਲ ਹੋਈ ਤੁਹਾਡੀ ਵੀਡੀਓ ਅਨੁਸਾਰ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਇਕ ਚੇਅਰ ਦੇ ਸੋਧ ਕਾਰਜਾਂ ਰਾਹੀਂ ਸਿੱਖਾਂ ਦੀ ਵਿਲੱਖਣ ਹੋਂਦ ਦੇ ਵਿਰੁੱਧ ਪ੍ਰਗਟਾਵਾ ਕੀਤਾ, ਜੋ ਕਿ ਗੁਰਮਤਿ ਅਨੁਸਾਰੀ ਨਹੀਂ ਹੈ।

You must be logged in to post a comment Login