ਪੰਜਾਬ ਤੇ ਹਰਿਆਣਾ ਵਿਚ ਤੇਜ਼ ਹਵਾਵਾਂ ਦੇ ਨਾਲ ਤੇਜ਼ ਮੀਂਹ

ਚੰਡੀਗੜ੍ਹ, 23 ਜਨਵਰੀ : ਬਸੰਤ ਪੰਚਮੀ ਵਾਲੇ ਦਿਨ ਮੌਸਮ ਦਾ ਮਿਜ਼ਾਜ ਮੁੜ ਬਦਲ ਗਿਆ ਹੈ। ਪੰਜਾਬ ਤੇ ਹਰਿਆਣਾ ਵਿਚ ਅੱਧੀ ਰਾਤ ਤੋਂ ਤੇਜ਼ ਹਵਾਵਾਂ ਦੇ ਨਾਲ ਹਲਕਾ ਹਲਕਾ ਮੀਂਹ ਪੈ ਰਿਹਾ ਹੈ। ਇਸ ਦੌਰਾਨ ਚੰਡੀਗੜ੍ਹ ਵਿਚ ਕਈ ਥਾਈਂ ਰੁੱਖ ਜੜ੍ਹੋਂ ਉੱਖੜ ਗਏ ਜਿਸ ਨਾਲ ਕਈ ਵਾਹਨਾਂ ਨੂੰ ਨੁਕਸਾਨ ਪੁੱਜਾ ਤੇ ਆਵਾਜਾਈ ਵਿਚ ਵੀ ਅੜਿੱਕਾ ਪਿਆ। ਕਈ ਥਾਈਂ ਬਿਜਲੀ ਦੇ ਖੰਭੇ ਨੁਕਸਾਨੇ ਜਾਣ ਦੀਆਂ ਵੀ ਰਿਪੋਰਟਾਂ ਹਨ ਜਿਸ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ।ਇਸ ਮੀਂਹ ਨਾਲ ਪੰਜਾਬ ਵਿੱਚ ਲਗਾਤਾਰ ਪੈ ਰਹੀ ਖ਼ੁਸ਼ਕੀ ਚੁੱਕੀ ਜਾਵੇਗੀ ਅਤੇ ਸੁੱਕੀ ਠੰਢ ਨਾਲ ਲੱਗਦੀਆਂ ਬਿਮਾਰੀਆਂ ਤੋਂ ਬਚਾਅ ਹੋਵੇਗਾ।ਇਹ ਮੀਂਹ ਕਣਕ ਦੀ ਫਸਲ ਲਈ ਵੀ ਚੰਗਾ ਹੈ। ਉਂਝ ਇਸ ਮੀਂਹ ਨਾਲ ਇੱਕ ਵਾਰ ਫਿਰ ਠੰਢ ਵਧਣ ਦੇ ਆਸਾਰ ਹਨ। ਚੰਡੀਗੜ੍ਹ ਵਿਚ ਅੱਧੀ ਰਾਤ ਤੋਂ ਮੀਂਹ ਪੈਣ ਦਾ ਸਿਲਸਿਲਾ ਜਾਰੀ ਹੈ।

You must be logged in to post a comment Login