ਜੇ ਬਰਿੱਕਸ ਦੇਸ਼ਾਂ ਨੇ ਡਾਲਰ ਦੀ ਥਾਂ ਹੋਰ ਕਰੰਸੀ ਲਿਆਂਦੀ ਤਾਂ ਉਨ੍ਹਾਂ ’ਤੇ ਸੌ ਫੀਸਦੀ ਟੈਰਿਫ ਲਾਵਾਂਗੇ: ਟਰੰਪ

ਜੇ ਬਰਿੱਕਸ ਦੇਸ਼ਾਂ ਨੇ ਡਾਲਰ ਦੀ ਥਾਂ ਹੋਰ ਕਰੰਸੀ ਲਿਆਂਦੀ ਤਾਂ ਉਨ੍ਹਾਂ ’ਤੇ ਸੌ ਫੀਸਦੀ ਟੈਰਿਫ ਲਾਵਾਂਗੇ: ਟਰੰਪ

ਵਾਸ਼ਿੰਗਟਨ, 1 ਦਸੰਬਰ : ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਅਗਲੇ ਸਾਲ 20 ਜਨਵਰੀ ਨੂੰ ਸਹੁੰ ਚੁੱਕਣਗੇ ਪਰ ਉਨ੍ਹਾਂ ਨੇ ਪਹਿਲਾਂ ਹੀ ਬਰਿੱਕਸ ਦੇਸ਼ਾਂ (BRICS countries) ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ। ਟਰੰਪ ਨੇ ਇਨ੍ਹਾਂ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੇ ਕਿਸੇ ਹੋਰ ਕਰੰਸੀ ਦਾ ਸਮਰਥਨ ਕੀਤਾ ਤਾਂ ਉਨ੍ਹਾਂ ’ਤੇ ਸੌ ਫੀਸਦੀ ਟੈਰਿਫ (ਦੂਜੇ ਦੇਸ਼ ਤੋਂ ਸਾਮਾਨ ਲਿਆਉਣ ’ਤੇ ਲੱਗਣ ਵਾਲੀ ਦਰਾਮਦ ਡਿਊਟੀ) ਲਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਦੇਸ਼ ਅਮਰੀਕੀ ਡਾਲਰ ਦਾ ਸਮਰਥਨ ਕਰਨ। ਇਨ੍ਹਾਂ ਨੌਂ ਮੈਂਬਰੀ ਸਮੂਹ ਵਿਚ ਭਾਰਤ, ਰੂਸ, ਚੀਨ ਅਤੇ ਬ੍ਰਾਜ਼ੀਲ ਸ਼ਾਮਲ ਹਨ। ਦੱਸਣਾ ਬਣਦਾ ਹੈ ਕਿ ਬਰਿੱਕਸ ਦਾ ਗਠਨ 2009 ਵਿੱਚ ਕੀਤਾ ਗਿਆ ਹੈ ਤੇ ਇਹ ਹੀ ਇਕੱਲਾ ਅਜਿਹਾ ਪ੍ਰਮੁੱਖ ਕੌਮਾਂਤਰੀ ਗਰੁੱਪ ਹੈ ਜਿਸ ਦਾ ਸੰਯੁਕਤ ਰਾਜ ਅਮਰੀਕਾ ਹਿੱਸਾ ਨਹੀਂ ਹੈ। ਇਸ ਦੇ ਹੋਰ ਮੈਂਬਰ ਦੇਸ਼ਾਂ ਵਿਚ ਦੱਖਣੀ ਅਫਰੀਕਾ, ਈਰਾਨ, ਮਿਸਰ, ਇਥੋਪੀਆ ਅਤੇ ਸੰਯੁਕਤ ਅਰਬ ਅਮੀਰਾਤ ਹਨ। ਪਿਛਲੇ ਕੁਝ ਸਾਲਾਂ ਤੋਂ ਇਸ ਦੇ ਕੁਝ ਮੈਂਬਰ ਦੇਸ਼ ਖਾਸ ਤੌਰ ’ਤੇ ਰੂਸ ਅਤੇ ਚੀਨ ਅਮਰੀਕੀ ਡਾਲਰ ਦਾ ਬਦਲ ਲੱਭ ਰਹੇ ਹਨ ਜਾਂ ਆਪਣੀ ਬਰਿੱਕਸ ਕਰੰਸੀ ਲਿਆਉਣਾ ਚਾਹੁੰਦੇ ਹਨ ਪਰ ਭਾਰਤ ਹੁਣ ਤੱਕ ਇਸ ਮੁਹਿੰਮ ਦਾ ਹਿੱਸਾ ਨਹੀਂ ਬਣਿਆ ਹੈ। ਹੁਣ ਟਰੰਪ ਨੇ ਇਨ੍ਹਾਂ ਬਰਿੱਕਸ ਦੇਸ਼ਾਂ ਨੂੰ ਅਜਿਹੇ ਕਦਮ ਖਿਲਾਫ ਚਿਤਾਵਨੀ ਦਿੱਤੀ ਹੈ।

You must be logged in to post a comment Login