ਮੌਜੂਦਾ ਪ੍ਰਸਥਿਤੀਆਂ ’ਚ ਅਕਾਲੀ ਦਲ ਲਈ ਸੰਕਟ ਮੋਚਨ ਬਣ ਸਕਦੇ ਨੇ ਢੀਂਡਸਾ

ਮੌਜੂਦਾ ਪ੍ਰਸਥਿਤੀਆਂ ’ਚ ਅਕਾਲੀ ਦਲ ਲਈ ਸੰਕਟ ਮੋਚਨ ਬਣ ਸਕਦੇ ਨੇ ਢੀਂਡਸਾ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਪਿੱਛੋਂ ਇਹ ਖਬਰਾਂ ਪ੍ਰਮੱਖਤਾ ਨਾਲ ਪੜ੍ਹਨ-ਸੁਣਨ ਨੂੰ ਮਿਲੀਆਂ ਹਨ ਕਿ ਅਕਾਲੀ ਰਾਜਨੀਤੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ। ਇਹ ਸਵੀਕਾਰਨਯੋਗ ਹੈ, ਕਿਉਂਕਿ ਸ. ਬਾਦਲ ਦੇ ਕੱਦ-ਬੁੱਤ ਵਾਲਾ ਆਗੂ ਅਕਾਲੀ ਦਲ ’ਚ ਕੀ ਪੰਜਾਬ ਦੀ ਕਿਸੇ ਹੋਰ ਰਾਜਸੀ ਪਾਰਟੀ ਕੋਲ ਵੀ ਨਹੀਂ ਹੈ ਪਰ ਇਹ ਵੀ ਸਚਾਈ ਹੈ ਕਿ ਜੋ ਉਪਜਿਆ ਹੈ ਉਸਨੇ ਇੱਕ ਨਾ ਇੱਕ ਦਿਨ ਬਿਨਸਣਾ ਤਾਂ ਹੈ ਹੀ। ਇਤਿਹਾਸ ਫਰੋਲਿਆਂ ਪਤਾ ਲੱਗਦਾ ਹੈ ਕਿ ਅੱਗੇ ਵੀ ਬੜੇ ਵਾਰਸ ਮਿਲ ਜਾਇਆ ਕਰਦੇ ਨਾ ਜਾਂ ਸਮਾਂ ਪਾ ਕੇ ਬਣ ਜਾਂਦੇ ਹੁੰਦੇ ਨੇ। ਸਮਾਂ ਨਿਰਾਸ਼ਾਵਾਦੀ ਪਹੁੰਚ ਨੂੰ ਉਸਾਰੂ ਨਜ਼ਰੀਏ ਤੋਂ ਸੋਚਣ ਦਾ ਹੈ। ਸ. ਬਾਦਲ ਨੇ ਬਹੁਤ ਲੰਮਾਂ ਸਮਾਂ ਪੰਜਾਬ ਅਤੇ ਖਾਸ ਤੌਰ ’ਤੇ ਅਕਾਲੀ ਸਿਆਸਤ ’ਤੇ ਸਿੱਕਾ ਜਮਾ ਕੇ ਰੱਖਿਆ ਪਰ ਇਹ ਵੀ ਸਚਾਈ ਹੈ ਕਿ ਆਖਰੀ ਮੌਕੇ ਉਹ ਆਪਣਾ ਸਨਮਾਨ ਮੁਕੰਮਲ ਰੂਪ ’ਚ ਕਾਇਮ ਰੱਖਣ ’ਚ ਕਾਮਯਾਬ ਨਹੀਂ ਰਹੇ ਤੇ ਆਪਣੀ ਸੋਚ ਤੋਂ ਉਲਟ ਵਾਪਰਦਾ ਵੀ ਉਨ੍ਹਾਂ ਅੱਖੀਂ ਦੇਖਿਆ। ਸਿਰਸਾ ਸਾਧ ਦੀ ਮੁਆਫੀ ਤੋਂ ਸ਼ੁਰੂ ਹੋਈ ਕਹਾਣੀ ਅੱਗੇ ਦੀ ਅੱਗੇ ਅਕਾਲੀ ਦਲ ਲਈ ਨਵੀਆਂ ਤੋਂ ਨਵੀਆਂ ਬਿਪਤਾਵਾਂ ਸਹੇੜਦੀ ਗਈ। ਜਿੰਨਾਂ ਲੋਕਾਂ ਦੀ ਇਹ ਆਪਣੀ ਪਾਰਟੀ ਸੀ ਉਹ ਵੀ ਮਹਿਸੂਸ ਕਰਨ ਲਈ ਮਜਬੂਰ ਹੋ ਗਏ ਕਿ ਅਕਾਲੀ ਦਲ ਦੀ ਸਰਕਾਰ ਹੋਵੇ ਤੇ ਸਾਡੇ ਸਿਰਜਣਹਾਰੇ ਦੀ ਬੇਅਦਬੀ ਹੋ ਜਾਵੇ ਤੇ ਗੱਲ ਕਿਸੇ ਤਸੱਲੀਬਖਸ਼ ਨਤੀਜੇ ’ਤੇ ਨਾ ਅੱਪੜੇ ਫਿਰ ਉਹ ਲੋਕ ਜਾਣ ਤਾਂ ਕਿੱਧਰ ਨੂੰ ਜਾਣ ਜਿੰਨਾ ਦੇ ਰਹਿਬਰ ਦੀ ਬੇਅਦਬੀ ਹੋਈ ਹੋਵੇ ਤੇ ਖਾਸ ਤੌਰ ’ਤੇ ਜਦੋਂ ਅਕਾਲੀ ਦਲ ਦਾ ਬੂਟਾ ਵੀ ਉਨ੍ਹਾਂ ਆਪਣੇ ਖ਼ੁੂਨ ਤੇ ਪਸੀਨੇ ਨਾਲ ਸਿੰਜਿਆ ਹੋਵੇ? ਅਜਿਹਾ ਜਦੋਂ ਹੁੰਦਾ ਰਿਹਾ ਤਾਂ ਬਸ ਲੋਕ ਕਚੀਚੀਆਂ ਜ਼ਰੂਰ ਵੱਟਦੇ ਰਹੇ ਪਰ ਕਰ ਕੁਝ ਨਹੀਂ ਸਕੇ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਆਪਣੇ ਮਨ ਦੀ ਭੜਾਸ ਕਾਫੀ ਹੱਦ ਤਕ ਕੱਢੀ ਵੀ। ਅੱਗੇ ਜਾ ਕੇ ਫਿਰ ਕੇਂਦਰ ਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਪ੍ਰਤੀ ਅਕਾਲੀ ਦਲ ਦਾ ਸ਼ੁਰੂਆਤੀ ਸਮੇਂ ਹੱਕ ’ਚ ਭੁਗਤਣਾ ਤੇ ਲੋਕ ਰੋਹ ਅੱਗੇ ਲਿਆ ਯੂ-ਟਰਨ ਵੀ ਲੋਕਾਂ ਨੇ ਸਵੀਕਾਰ ਨਾ ਕੀਤਾ ਤੇ ਉਨ੍ਹਾਂ ਇਸਨੂੰ ਸਪਸ਼ਟ ਤੌਰ ’ਤੇ ਰਾਜਨੀਤੀ ਆਖਦਿਆਂ ਰੱਦ ਕਰ ਦਿੱਤਾ। ਗਠਜੋੜ ਤੋੜਿਆ ਗਿਆ ਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਵੀ ਅਕਾਲੀ ਦਲ ਦੇ ਬਚੇ-ਖੁਚੇ ਵਕਾਰ ਨੂੰ ਬਰਕਰਾਰ ਨਾ ਰੱਖ ਸਕਿਆ। 2022 ਦੀਆਂ ਚੋਣਾਂ ’ਚ ਰਾਜਨੀਤੀ ਦਾ ਜੇਤੂ ਪਹਿਲਵਾਨ ਪਰਕਾਸ਼ ਸਿੰਘ ਬਾਦਲ ਇੱਕ ਆਮ ਆਗੁੂ ਤੋਂ ਮਾਤ ਖਾ ਗਿਆ। ਇਸਦੇ ਇੱਕ ਨਹੀਂ ਅਣਗਿਣਤ ਕਾਰਨ ਹਨ ਪਰ ਅਫਸੋਸ ਕਿ ਅਕਾਲੀ ਆਗੂਆਂ ਨੇ ਉਸ ਤਰੀਕੇ ਨਾਲ ਲੋਕਾਂ ਦੇ ਦਿਲ ਦੀ ਤੜਪ ਅਤੇ ਵੇਦਨਾ ਸਮਝਣ ਦੀ ਕੋਸ਼ਿਸ਼ ਕਰਨ ਦੀ ਬਜਾਏ ਇਸਨੂੰ ਪੈਰਾਂ ਥੱਲੇ ਮਿੱਧਕੇ ਚੱਲਣ ਦੀ ਆਪਹੁਦਰੀ ਅਖਤਿਆਰ ਕੀਤੀ ਨੀਤੀ ਕਾਰਨ ਹੀ ਇਹਨਾਂ ਚੋਣਾਂ ’ਚ ਪੰਥਕ ਰਾਜਨੀਤੀ ਦਾ ਝੰਡਾ ਬਰਦਾਰ ਅਕਾਲੀ ਦਲ ਆਪਣੇ ਹੁਣ ਤਕ ਤੇ ਸਭ ਤੋਂ ਮਾੜੇ ਹੀ ਨਹੀਂ ਨਖਿੱਧ ਸਮਝੇ ਜਾਣ ਵਾਲੇ ਪ੍ਰਦਰਸ਼ਨ ’ਤੇ ਜਾ ਅੱਪੜਿਆ। ਅਕਾਲੀ ਦਲ ਦੀ ਹੋਈ ਅਜਿਹੀ ਦਸ਼ਾ ਤੋਂ ਵੀ ਕੰਧ ’ਤੇ ਲਿਖਿਆ ਪੜ੍ਹਨ ਦੀ ਬਜਾਏ ਗੋਂਗਲੂਆਂ ਤੋਂ ਮਿੱਟੀ ਝਾੜਨ ਦੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਰਹੀਆਂ ਅਤੇ ਮਸਲੇ ਦੀ ਨਾਜ਼ੁਕਤਾ ਨੂੰ ਅੱਖੋਂ-ਪਰੋਖੇ ਕਰਦਿਆਂ ਨਿੱਜਪ੍ਰਸਤੀ ਵਾਲੀਆਂ ਗਤੀਵਿਧੀਆਂ ਦਾ ਦੌਰ ਲਗਾਤਾਰ ਚੱਲਦਾ ਰਿਹਾ। ਅੱਜ ਅਕਾਲੀ ਦਲ ਲਈ ਬੇਹੱਦ ਨਾਜ਼ੁਕ ਸਮਾਂ ਹੈ। ਬਹੁਤ ਸਾਰੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ। ਇਸਦਾ ਆਪਣਾ ਸਮਝਿਆ ਜਾਣ ਵਾਲਾ ਕਿਸਾਨ ਵਰਗ ਬੁਰੀ ਤਰ੍ਹਾਂ ਨਿਰਾਸ਼ਾ ਦੇ ਆਲਮ ’ਚ ਹੈ। ਟਕਸਾਲੀ ਸਮਝੇ ਜਾਣ ਵਾਲੇ ਆਗੂਆਂ ਤੇ ਵਰਕਰਾਂ ਦੀ ਲੰਮੇ ਸਮੇਂ ਤੋਂ ਕੋਈ ਪੁੱਛਗਿੱਛ ਨਹੀਂ ਹੈ। ਕਿਉਂਕਿ ਇਹਨਾਂ ਸਮਰਪਿਤ ਵਰਕਰਾਂ ਬਾਰੇ ਕਾਫੀ ਹੱਦ ਤਕ ਹਮਦਰਦੀ ਤੇ ਜਾਣਕਾਰੀ ਰੱਖਣ ਵਾਲਾ ਵੀ ਹੁਣ ਤਾਂ ਇਸ ਦੁਨੀਆਂ ’ਤੇ ਨਹੀਂ ਰਿਹਾ। ਅਜਿਹੇ ਹਾਲਾਤਾਂ ਵਿੱਚ ਰਸਤਾ ਦਿਖਾਏ ਤਾਂ ਦਿਖਾਏ ਕੌਣ? ਰਸਤੇ ਬਣ ਜਾਇਆ ਕਰਦੇ ਨੇ ਜੇਕਰ ਕੁਝ ਕਹਿ ਲਿਆ ਜਾਵੇ ਤੇ ਕੁਝ ਸੁਣ ਲੈਣ ਦੀ ਨੀਤੀ ਅਖ਼ਤਿਆਰ ਕਰ ਲਈ ਜਾਵੇ। ਕਿਉਂਕਿ ਵਕਤ ਤਾਂ ਬਹੁਤ ਦੇਰ ਤੋਂ ਮਸਲਿਆਂ ਨੂੰ ਸਿਰ ਜੋੜਕੇ ਹੱਲ ਕਰਨ ਬਾਰੇ ਇਸ਼ਾਰੇ ਕਰ ਰਿਹਾ ਹੈ, ਜੇਕਰ ਘੇਸਲ ਵੱਟਕੇ ਚੱਲਣ ਦੀ ਰਾਹ ਅਪਣਾਈ ਹੋਈ ਹੈ ਤਾਂ ਇਸ ਲਈ ਜ਼ਿੰਮੇਵਾਰ ਕੌਣ ਹੈ? ਇਹ ਤਾਂ ਅੱਜ ਨਹੀਂ ਤਾਂ ਭਲਕ, ਪ੍ਰਸਥਿੱਤੀਆਂ ਦੇੇੇ ਰੂਬਰੂ ਤਾਂ ਹੋਣਾ ਹੀ ਪਵੇਗਾ। ਇੱਕ ਹੋਰ ਗੱਲ ਗੌਰ ਮੰਗਦੀ ਹੈ ਕਿ ਆਖਰ ਸੁਖਦੇਵ ਸਿੰਘ ਢੀਂਡਸਾ ਜਿਹਾ ਆਗੂ ਅਕਾਲੀ ਦਲ ਤੋਂ ਦੂਰ ਕਿਉਂ ਹੋਇਆ ਹੈ? ਉਸਦਾ ਦਾਮਨ ਵੀ ਸਾਫ਼ ਹੈ। ਅਕਾਲੀ ਰਾਜਨੀਤੀ ’ਚ ਵੱਡਾ ਨਾਮ ਵੀ ਹੈ ਤੇ ਉਹ ਕੇਂਦਰੀ ਸਿਆਸਤ ਤੋਂ ਵੀ ਵਾਕਫ਼ ਹੈ ਤੇ ਕੇਂਦਰ ’ਚ ਉਨ੍ਹਾਂ ਦਾ ਚੰਗਾ ਪ੍ਰਭਾਵ ਤੇ ਪ੍ਰਭਾਵਸ਼ਾਲੀ ਰਸੂਖ ਹੈ। ਭਾਵੇਂ ਸ. ਬਾਦਲ ਆਪਣਾ ਸੂਬਾਈ ਪਿੜ ਖਾਲੀ ਕਰਨ ਲਈ ਢੀਂਡਸਾ ਤੇ ਅਜਿਹੇ ਹੋਰਨਾਂ ਆਗੂਆਂ ਨੂੰ ਵੀ ਕੇਂਦਰ ਦੀ ਰਾਜਨੀਤੀ ’ਚ ਧੱਕਦੇ ਰਹੇ ਹਨ ਪਰ ਸੁਖਦੇਵ ਸਿੰਘ ਢੀਂਡਸਾ ਨੇ ਕਦੇ ਵੀ ਇਸਦਾ ਪ੍ਰਤੱਖ ਰੂਪ ’ਚ ਵਿਰੋਧ ਨਹੀਂ ਕੀਤਾ ਬਲਕਿ ਇਸ ਸਭ ਨੂੰ ਜ਼ਿੰਮੇਵਾਰੀ ਤਹਿਤ ਨਿਭਾਉਂਦੇ ਰਹੇ ਹਨ। ਅੱਜ ਉਹਨਾਂ ਨੂੰ ਨਾਲ ਲੈਣ ’ਚ ਕੋਈ ਹਰਜ਼ ਨਹੀਂ ਹੈ। ਇੱਥੋਂ ਤਕ ਕਿ ਸਰਪ੍ਰਸਤ ਮੰਨਣ ’ਚ ਵੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਪਾਰਟੀ ਪ੍ਰਧਾਨ ਭਲੇ ਹੀ ਆਪਣੇ ਅਹੁਦੇ ’ਤੇ ਬਣੇ ਰਹਿਣ। ਪੰਜਾਬੀਆਂ ਦਾ ਸੁਭਾਅ ਹੈ ਕਿ ਇਹ ਸਕਿਆਂ ਨਾਲ ਚੱਲ ਰਹੇ ਰੋਸੇ-ਗੁੱਸੇ ਨੂੰ ਵੀ ਭੁਲਾਕੇ ਅਕਸਰ ਖੁਸ਼ੀ ਤੇ ਗਮੀ ਮੌਕੇ ਦੁਬਾਰਾ ਗਲਵਕੜੀ ਪਾ ਲੈਂਦੇ ਹਨ। ਪਰ ਅਜਿਹੇ ਹਾਲਾਤਾਂ ’ਚ ਕੋਈ ਹੇਜ਼ੀ ਤੇ ਸੁਲਝਿਆ ਇਨਸਾਨ ਹੀ ਉਸਾਰੂ ਰੋਲ ਅਦਾ ਕਰਦਾ ਹੋਇਆ ਦੋਵਾਂ ਧਿਰਾਂ ਨੂੰ ਮੁੜ ਤੋਂ ਨੇੜੇ ਲਾ ਸਕਦਾ ਹੈ। ਅੱਜ ਵੀ ਪਹਿਲੀ ਕਤਾਰ ਦੇ ਸਮੂਹ ਅਕਾਲੀ ਆਗੂਆਂ ਨੂੰ ਅਕਾਲੀ ਦਲ ਦੀ ਪੁਰਾਤਨ ਦਿੱਖ ਤੇ ਹੋਂਦ ਨੂੰ ਬਰਕਰਾਰ ਰੱਖਣ ਲਈ ਜੀਅ-ਜਾਨ ਨਾਲ ਯਤਨ ਕਰਨੇ ਚਾਹੀਦੇ ਹਨ। ਜੇਕਰ ਉਨ੍ਹਾਂ ਨੇ ਸਮੇਂ-ਸਮੇਂ ’ਤੇ ਸਰਦਾਰੀਆਂ ਮਾਣੀਆਂ ਹਨ ਤਾਂ ਅਜਿਹਾ ਅਕਾਲੀ ਦਲ ਦੇ ਸ਼ਾਨਾਂਮੱਤੇ ਵਜੂਦ ਕਰਕੇ ਹੀ ਸੰਭਵ ਹੋ ਸਕਿਆ ਹੈ। ਇਸ ਲਈ ਅਜੇ ਵੀ ਸਮਾਂ ਹੈ ਕਿ ਅਕਾਲੀ ਦਲ ਦਾ ਦਰਦ ਰੱਖਣ ਵਾਲੇ ਅਤੇ ਅਕਾਲੀ ਦਲ ਲਈ ਮਰ-ਮਿਟਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਨਿੱਜ ਤੋਂ ਉਪਰ ਉੁੁੁਠਕੇ ਅਕਾਲੀ ਦਲ ਦੀ ਬਿਹਤਰੀ ਲਈ ਫੈਸਲੇ ਲਏ ਜਾਣ। ਭਾਵੇਂ ਇਸ ਲਈ ਕਿਸੇ ਨੂੰ ਵੀ ਵਿਅਕਤੀਗਤ ਤੌਰ ’ਤੇ ਕਿੰਨੀ ਵੀ ਵੱਡੀ ਕੁਰਬਾਨੀ ਕਿਉਂ ਨਾ ਕਰਨੀ ਪਵੇ।

28, ਅਨੰਦ ਨਗਰ-ਏ
ਐਕਸਟੈਂਸ਼ਨ, ਪਟਿਆਲਾ

You must be logged in to post a comment Login