ਰੌਸ਼ਨੀ ਦਾ ਮੇਲਾ ਲੱਗਣ ਵਾਲੇ ਸ਼ਹਿਰ ਦੀ ਸਵੇਰ। ਭੀੜਾ ਜਿਹਾ ਬਾਜ਼ਾਰ। ਦੁਕਾਨਦਾਰ ਆਪੋ ਆਪਣੀਆਂ ਦੁਕਾਨਾਂ ਖੋਲ੍ਹਣ ਦੇ ਆਹਰ ‘ਚ ਰੁੱਝੇ ਹੋਏ ਹਨ। ਕੋਈ ਆਪਣੀ ਦੁਕਾਨ ਦੀ ਹੱਦ ‘ਚ ਸੜਕ ਤੱਕ ਝਾੜੂ ਮਾਰ ਰਿਹੈ ਤੇ ਕੋਈ ਪਾਣੀ ਦਾ ਛਿੜਕਾ ਕਰ ਰਿਹੈ ਤਾਂ ਕਿ ਧੂੜ ਨਾ ਉੱਡੇ। ਚਾਰੇ ਪਾਸੇ ਆਪਾਧਾਪੀ ਦਾ ਮਾਹੌਲ। ਕਿਸੇ ਨੂੰ ਨਹੀਂ ਪਤਾ ਕਿ “ਮੇਲੇ ‘ਚ ਧੰਨਾ ਸਿਉਂ ਕੀਹਦਾ ਫੁੱਫੜ ਐ?”
ਪਰਲੋਕ ਕੁਮਾਰ ਦੀ ਬੰਦ ਪਈ ਦੁਕਾਨ ਅੰਦਰੋਂ ਤਾਂ ਖੰਡਰ ਬਣੀ ਹੀ ਹੋਵੇਗੀ, ਬੰਦ ਸ਼ਟਰ ਦੇਖ ਕੇ ਵੀ ਪਤਾ ਲਗਦਾ ਸੀ ਕਿ ਕਈ ਵਰ੍ਹੇ ਹੋ ਗਏ ਹੋਣਗੇ ਇਹਦਾ ਜਿੰਦਰਾ ਖੋਲ੍ਹਿਆਂ ਨੂੰ। ਸ਼ਟਰ ਮੂਹਰੇ ਟੁੱਟਿਆ ਜਿਹਾ ਲੋਹੇ ਦੇ ਫਰੇਮ ਵਾਲਾ ਮੋਟੀ ਲੱਕੜ ਦਾ ਤਖਤਪੋਸ਼ ਤੇ ਦੁਕਾਨ ਮੂਹਰੇ ਬਣਿਆ ਛੱਜਾ, ਇੱਕ ਪਾਗਲ ਜਿਹਾ ਦਿਸਦਾ ਬਜ਼ੁਰਗ ਇਸ ਤਖਤਪੋਸ਼ ਨੂੰ ਸੌਣ ਪੈਣ ਲਈ ਵਰਤਦਾ ਸੀ। ਲੰਮਾ ਪਰ ਸਿਲਤ ਵਰਗਾ ਸਰੀਰ ਸੀ ਉਸਦਾ। ਮੈਲ ਨਾਲ ਲੱਥਪੱਥ ਲੀੜੇ। ਸਿਰ ਨਾਭੀ ਰੰਗ ਦੀ ਪੱਗ, ਧੋਤੀ ਨਾ ਹੋਣ ਕਰਕੇ ਕਾਲੀ ਤਾਂ ਹੋਈ ਹੀ ਸੀ ਸਗੋਂ ਇਉਂ ਲਗਦੀ ਸੀ ਜਿਵੇਂ ਮਾਵਾ ਦੇ ਕੇ ਵਟ ਬਣਾਏ ਹੋਣ। ਬਜ਼ੁਰਗ ਸਾਰਾ ਦਿਨ ਜਗਰਾਉਂ ਦੀਆਂ ਗਲੀਆਂ ‘ਚ ਆਲੀਸ਼ਾਨ ਕੋਠੀਆਂ ਨੂੰ ਰੀਝ ਲਾ ਕੇ ਤੱਕਦਾ ਰਹਿੰਦਾ। ਉਸ ਬਜ਼ੁਰਗ ਨਾਂ ਦਾ ਹੀ ‘ਧਰਮ ਸਿੰਘ’ ਸੀ ਪਰ ਧਰਮ ਸ਼ਬਦ ਤੋਂ ਹਜਾਰਾਂ ਕੋਹਾਂ ਦੂਰ। ਇਲਤੀ ਜੁਆਕ ਲੰਘੇ ਜਾਂਦੇ ਧਰਮ ਸਿਉਂ ਨੂੰ “ਕੋਠੀ ਦੱਬ” ਕਹਿ ਕੇ ਛੇੜਦੇ ਤਾਂ ਧਰਮ ਸਿਉਂ ਇੱਕ ਵਾਰ ਤਾਂ ਕੁਨੱਖਾ ਜਿਹਾ ਝਾਕਦਾ ਪਰ ਫਿਰ ਕੰਨ ਜਿਹੇ ਵਲੇਟ ਕੇ ਤੁਰ ਜਾਂਦਾ। ਜਾਨਣ ਵਾਲੇ ਜਾਣਦੇ ਸਨ ਪਰ ਜਿਹਨਾਂ ਨੂੰ ਨਹੀਂ ਪਤਾ ਸੀ ਉਹ ਜਿਆਦਾਤਰ ਉਹਦਾ ਪੱਕਾ ਨਾਂ “ਕੋਠੀ ਦੱਬ” ਹੀ ਮੰਨੀ ਬੈਠੇ ਸਨ।
ਹੁਣ ਸੰਨ 2050 ਦਾ ਸਮਾਂ ਚੱਲ ਰਿਹੈ। ਤੇਜ ਤੇਜ ਜ਼ਿੰਦਗੀ, ਕਿਸੇ ਕੋਲ ਕੋਈ ਵਿਹਲ ਨਹੀਂ।
ਲੋਪੋ ਵਾਲੇ ਨਰਮਜੀਤ ਸਿਉਂ ਦਾ ਗੱਭਰੂ ਹੋਇਆ ਮੁੰਡਾ ਕੈਨੇਡਾ ਦਾ ਜੰਮਪਲ ਹੋਣ ਦੇ ਬਾਵਜੂਦ ਪੰਜਾਬ ਆਉਣ ਦੀ ਜ਼ਿਦ ਕਰਕੇ ਜਗਰਾਉਂ ਆਇਆ ਹੋਇਆ ਸੀ। ਉਹ ਆਪਣੀ ਬਜ਼ੁਰਗ ਦਾਦੀ ਦੇ ਨਾਲ ਈ ਆ ਗਿਆ ਸੀ। ਪੰਜਾਬ ‘ਚ ਦਾਦੀ ਪੋਤੇ ਦਾ ਅੱਜ ਪੰਦਰ੍ਹਵਾਂ ਦਿਨ ਸੀ। ਡਾਇਮੰਡ ਬਾਗ ‘ਚ ਆਵਦੇ ਪਿਓ ਦਾਦੇ ਦੀ ਰੀਝਾਂ ਨਾਲ ਬਣਾਈ ਤਿੰਨ ਮੰਜਲੀ ਕੋਠੀ ਦੀ ਦੂਜੀ ਛੱਤ ‘ਤੇ ਕਮਰੇ ‘ਚੋਂ ਨਿਕਲ ਕੇ ਵਿਕਰਮ ਨੇ ਦੋਹੇਂ ਬਾਹਾਂ ਅਸਮਾਨ ਵੱਲ ਕਰਕੇ ਅੰਗੜਾਈ ਭੰਨ੍ਹੀ। ਜੰਗਲੇ ‘ਤੇ ਹੱਥ ਰੱਖ ਕੇ ਖੜ੍ਹਿਆ ਤਾਂ ਉਹਨੂੰ ਅੱਜ ਫੇਰ ਓਹੀ ਮੈਲੇ ਜਿਹੇ ਲੀੜਿਆਂ ਵਾਲਾ ਬਜ਼ੁਰਗ ਦੂਰੋਂ ਕੋਠੀ ਵੱਲ ਟਿਕਟਿਕੀ ਲਾਈ ਖੜ੍ਹਾ ਦਿਸਿਆ। ਵਿਕਰਮ ਕਈ ਦਿਨਾਂ ਤੋਂ ਲਗਾਤਾਰ ਦੇਖ ਰਿਹਾ ਸੀ ਕਿ ਓਹ ਸੱਜਣ ਨੇਮ ਵਾਂਗ ਹੀ ਹਰ ਰੋਜ ਬਾਹਵਾ ਟੈਮ ਗਲੀ ਦੀ ਨੁੱਕਰ ‘ਚ ਖੜ੍ਹ ਕੇ ਕੋਠੀ ਨੂੰ ਨਿਹਾਰ ਕੇ ਆਖਰ ਮੁੜ ਜਾਂਦਾ। ਅਚਾਨਕ ਵਿਕਰਮ ਦੇ ਪੈਰਾਂ ਨੇ ਕਾਹਲ ਫੜੀ ਤੇ ਓਹ ਨੁੱਕਰੇ ਘੋੜੇ ਵਾਂਗ ਪੌੜੀਆਂ ਉੱਤਰ ਕੇ ਹੇਠਾਂ ਪਾਠ ਕਰਕੇ ਵਿਹਲੀ ਹੋ ਚੁੱਕੀ ਦਾਦੀ ਸੁਰਜੀਤ ਕੌਰ ਦੇ ਪੈਰਾਂ ਵਾਲੇ ਪਾਸੇ ਬੈਠ ਗਿਆ।
-“ਦਾਦੀ ਮਾਂ, ਮੈਂ ਰੋਜ ਸਵੇਰੇ ਉੱਠਦਾਂ ਤਾਂ ਇੱਕ “ਓਲਡ ਮੈਨ” ਆਪਣੇ ਘਰ ਵੱਲ ਜਿੱਦਾਂ “ਸਟਿੱਲ” ਹੋ ਕੇ ਦੇਖਦਾ ਹੁੰਦਾ। ਦਾਦੀ ਕੌਣ ਆ ਓਹ ਬਾਬਾ ਜੀ?” ਵਿਕਰਮ ਨੇ ਆਪਣੀ ਬਜ਼ੁਰਗ ਦਾਦੀ ਨੂੰ ਪੁੱਛਿਆ।
-“ਵਿਕਰਮ ਪੁੱਤ, ਓਹ ਭਟਕਦੀਆਂ ਰੂਹਾਂ ‘ਚੋਂ ਇੱਕ ਆ। ਸਾਲ 2023 ਦੀ ਗੱਲ ਐ, ਜਦੋਂ ਇਸ ਬਜ਼ੁਰਗ ਸਣੇ ਦੋ ਤਿੰਨ ਹੋਰ ਰੂਹਾਂ ਨੇ ਇਸ ਕੋਠੀ ‘ਤੇ ਲ਼ਾਲ਼ਾਂ ਸੁੱਟੀਆਂ ਸਨ। ਇਸ ਕੋਠੀ ਨੂੰ ਸਰਕਾਰੇ ਦਰਬਾਰੇ ਪਹੁੰਚ ਵਰਤ ਕੇ ਜਾਅਲੀ ਕਾਗਜ ਤਿਆਰ ਕਰਕੇ ਦੱਬਣ ਦੀ ਕੋਸ਼ਿਸ਼ ਕੀਤੀ ਸੀ।”
-“ਇਹ ਮੈਲੇ ਜਿਹੇ ਕੱਪੜਿਆਂ ਵਾਲਾ ਭਾਈ ਜਾਅਲੀ ਡਿਗਰੀ ਲੈ ਕੇ ਆਵਦੇ ਆਪ ਨੂੰ ਕਾਨੂੰਨ ਦਾ ਰਖਵਾਲਾ ਦੱਸਦਾ ਹੁੰਦਾ ਸੀ। ਕਾਨੂੰਨ ਦੀ ਖੁਦ ਹੀ ਸੰਘੀ ਘੁੱਟਣ ਵਾਲਾ ਰਖਵਾਲਾ।” ਮਾਤਾ ਇੱਕੋ ਸਾਹ ਹੀ ਬੋਲ ਗਈ ਤਾਂ ਦਮ ਪੱਟਿਆ ਗਿਆ।
ਵਿਕਰਮ ਨੇ ਕੋਲ ਪਿਆ ਪਾਣੀ ਦਾ ਗਿਲਾਸ ਫੜਾਇਆ।
-“ਇਹਦੇ ਨਾਲ ਇੱਕ ਪਰਲੋਕ ਕੁਮਾਰ ਤੇ ਇੱਕ ਸਿਆਸੀ ਬੀਬੀ ਅੜਬਜੀਤ ਕੌਰ ਨੇ ਰਲ ਕੇ ਸਾਨੂੰ ਆਵਦੇ ਇਸ ਘਰੋਂ ਹੀ ਬੇਘਰ ਕਰ ਦਿੱਤਾ ਸੀ। ਮੈਂ ਤੇ ਤੇਰੀ ਮਾਂ ਕਈ ਮਹੀਨੇ ਕਾਨੂੰਨੀ ਲੜਾਈ ਲੜਦੀਆਂ ਅਫਸਰਾਂ ਦੇ ਦਫਤਰਾਂ ‘ਚ ਧੱਕੇ ਖਾਂਦੀਆਂ ਰਹੀਆਂ। ਏਸ ਤਿੱਕੜੀ ਨੇ ਸਾਡੇ ਪੈਰ ਨਾ ਲੱਗਣ ਦਿੱਤੇ। ਜਾਅਲੀ ਇਨਕਲਾਬ ਉਲਟਾ ਸਾਡਾ ਹੀ ਘਰ ਦੱਬਣ ਨੂੰ ਤਾਹੂ ਸੀ। ਭਲਾ ਹੋਵੇ ਜਾਗਦੀ ਜ਼ਮੀਰ ਵਾਲੇ ਲੋਕਾਂ ਦਾ, ਜੋ ਬਿਨਾਂ ਕਿਸੇ ਲੋਭ ਲਾਲਚ ਦੇ ਸਾਡੇ ਨਾਲ ਆ ਡਟੇ।”
-“ਦਾਦੀ ਮਾਂ, ਜੇ ਓਹ ਬਾਬਾ ਕੱਲ੍ਹ ਨੂੰ ਆਇਆ, ਮੈਂ ਓਹਨੂੰ ਭਜਾ ਕੇ ਆਊਂ।” ਵਿਕਰਮ ਪਤਾ ਨਹੀਂ ਕਿਹੜੇ ਵੇਗ ‘ਚ ਕਹਿ ਗਿਆ।
-“ਨਾ ਸ਼ੇਰਾ, ਓਹਨਾਂ ਨੂੰ ਸਮੇਂ ਦੀ ਬਹੁਤ ਭੈੜੀ ਮਾਰ ਪੈ ਚੁੱਕੀ ਐ। ਆਪਾਂ ਕੀ ਭਜਾਉਣੈ, ਓਹਨਾਂ ਨੂੰ ਤਾਂ ਉਹਨਾਂ ਦੀ ਤਮਾਂ ਨੇ ਈ ਐਨਾ ਭਜਾਇਆ ਹੋਇਐ ਕਿ ਸਾਰਾ ਦਿਨ ਤਿੱਖੜ ਦੁਪਹਿਰੇ ਵੀ ਪਾਗਲ ਹਾਲਤ ‘ਚ ਭੱਜਦੇ ਫਿਰਦੇ ਰਹਿੰਦੇ ਆ।” ਮਾਤਾ ਨੇ ਵਿਕਰਮ ਨੂੰ ਰੋਕਦਿਆਂ ਕਿਹਾ।
-“ਦਾਦੀ ਮਾਂ, ਪਰਲੋਕ ਕੁਮਾਰ ਤੇ ਅੜਬਜੀਤ ਕੌਰ ਦਾ ਕੀ ਬਣਿਆ? ਓਹ ਕਿੱਥੇ ਰਹਿੰਦੇ ਆ?” ਵਿਕਰਮ ਨੇ ਭੋਲਾ ਜਿਹਾ ਸਵਾਲ ਕੀਤਾ।
-“ਲੋਕ ਦੱਸਦੇ ਆ ਕਿ ਪਰਲੋਕ ਕੁਮਾਰ ਤਾਂ ਓਦੋਂ ਤੋਂ ਹੀ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ਜਦੋਂ ਇਹਨਾਂ ਨੇ ਰਲ ਕੇ ਰਾਤੇ ਰਾਤ ਆਪਣੀ ਏਸ ਕੋਠੀ ਦਾ ਜਾਅਲੀ ਇੰਤਕਾਲ ਕਰਵਾਉਣ ਦਾ ਕੇਸ ਚੱਲਿਆ ਸੀ। ਧਰਮ ਸਿਉਂ ਤੇ ਅੜਬਜੀਤ ਕੌਰ ਨੇ ਆਵਦਾ ਮਾਸ ਬਚਾਉਣ ਲਈ ਪਰਲੋਕ ਕੁਮਾਰ ਦੀ ਬਲੀ ਦੇ ਦਿੱਤੀ। ਕਾਗਜਾਂ ‘ਚ ਭਗੌੜਾ ਕਰਾਰ ਦੇਣ ਤੋਂ ਬਾਅਦ ਪਰਲੋਕ ਕੁਮਾਰ ਪਰਲੋਕ ਤਾਂ ਸਿਧਾਰ ਗਿਆ ਪਰ ਉਹਦੇ ਮੱਥੇ ਤੋਂ ਭਗੌੜੇ ਦਾ ਕਲੰਕ ਨਾ ਲੱਥਾ। ਸੁਣਿਐ ਕਿ ਉਹਦੀ ਕਿਸੇ ਬਿਰਧ ਆਸ਼ਰਮ ‘ਚ ਮੌਤ ਹੋ ਗਈ ਸੀ। ਕੋਈ ਜੁਆਕ ਵੀ ਸਸਕਾਰ ‘ਤੇ ਨਹੀਂ ਸੀ ਗਿਆ।” ਮਾਤਾ ਸੁਰਜੀਤ ਕੌਰ ਨੇ ਗੱਲ ਖਤਮ ਕਰਕੇ ਹੱਥ ਜੋੜ ਕੇ “ਵਾਹਿਗੁਰੂ” ਕਿਹਾ।
-“ਅੜਬਜੀਤ ਕੌਰ ਨੇ ਜਾਇਦਾਦ ਤਾਂ ਬਹੁਤ ਬਣਾ ਲਈ ਸੀ। ਘਰਵਾਲਾ ਤੇ ਓਹ ਪੈਸਾ ਜੋੜਨ ‘ਚ ਹੀ ਲੱਗੇ ਰਹੇ ਤੇ ਔਲਾਦ ਨੂੰ ਨੋਟਾਂ ਨਾਲ ਲੱਦ ਦਿੱਤਾ। ਓਹਨਾਂ ਨੂੰ ਜਦੋਂ ਇਹ ਪਤਾ ਲੱਗਿਆ ਕਿ ਸਾਡੇ ਮਾਂ ਪਿਉ ਨੇ ਕਿੰਨੇ ਲੋਕਾਂ ਨਾਲ ਜਿਆਦਤੀਆਂ ਕਰ ਕਰ ਕੇ ਮਾਇਆ ਕੱਠੀ ਕੀਤੀ ਐ ਤਾਂ ਦੋਵੇਂ ਜੀਅ ਜੁਆਕਾਂ ਦੇ ਮੂੰਹੋਂ ਲਹਿ ਗਏ। ਜੁਆਕ ਵਿਦੇਸ਼ਾਂ ‘ਚ ਜਾ ਵਸੇ ਤੇ ਇਹਨਾਂ ਦੋਵੇਂ ਮੀਆਂ ਬੀਵੀ ਨੂੰ ਬਿਮਾਰੀਆਂ ਨੇ ਘੇਰ ਲਿਆ। ਸਰੀਰ ਮਾੜੇ ਹੋਏ ਤਾਂ ਨਾਲ ਰਹਿੰਦਿਆਂ ਗੁਰਗਿਆਂ ਨੇ ਈ ਇੱਕ ਇੱਕ ਕਰਕੇ ਕੋਠੀਆਂ ਪਲਾਟਾਂ ‘ਤੇ ਕਬਜ਼ੇ ਕਰ ਲਏ।” ਸੁਰਜੀਤ ਕੌਰ ਕਥਾ ਕਰਨ ਵਾਂਗ ਆਵਦੇ ਪੋਤੇ ਨੂੰ ਗੱਲ ਸੁਣਾ ਰਹੀ ਸੀ।
-“ਦਾਦੀ, ਇਹਨੂੰ ਈ “ਟਿੱਟ ਫੌਰ ਟੈਟ” ਕਹਿੰਦੇ ਆ। ਪਹਿਲਾਂ ਲੋਕਾਂ ਨੂੰ “ਰੌਬ” ਕਰੀ ਗਏ, ਫੇਰ ਨਾਲ ਰਹਿੰਦੇ ਲੋਕ ਈ ਉਹਨਾਂ ਨੂੰ “ਰੌਬ” ਕਰਗੇ।…..ਵੈਰੀ ਸਟਰੇਂਜ….।” ਵਿਕਰਮ ਗੱਲ ਦਾ ਤੱਤਸਾਰ ਜਲਦੀ ਹੀ ਸਮਝ ਗਿਆ ਸੀ।
-“ਹੁਣ ਅੜਬਜੀਤ ਕੌਰ ਤੇ ਉਹਦਾ ਘਰਵਾਲਾ ਵੀ ਆਹ ਮੁੱਲਾਂਪੁਰ ਕੋਲ ਕਿਸੇ ਬਿਰਧ ਆਸ਼ਰਮ ‘ਚ ਰਹਿੰਦੇ ਆ। ਬਾਘੜਬਿੱਲੇ ਵਰਗੇ ਹੁੰਦੇ ਸੀ, ਕਿਸੇ ਨੂੰ ਮੂੰਹ ਨੀ ਸੀ ਬੋਲਦੇ ਹੁੰਦੇ। ਹੁਣ ਬੋਲ ਨੀ ਨਿੱਕਲਦਾ ਮੂੰਹ ‘ਚੋ। ਪੁੱਤ, ਸਮਾਂ ਬਹੁਤ ਬਲਵਾਨ ਆ। ਜਦੋਂ ਸਮੇਂ ਦੇ ਚਪੇੜੇ ਪੈਂਦੇ ਆ, ਓਦੋਂ ਮੂੰਹ ‘ਤੇ ਨੀ ਸਗੋਂ ਰੂਹ ‘ਤੇ ਨੀਲ ਪੈਂਦੇ ਆ। ਆਹ ਜਿਹੜਾ ਧਰਮ ਸਿਉਂ ਨਿੱਤ ਸਵੇਰੇ ਆਪਣੀ ਕੋਠੀ ਵੱਲ ਮੂੰਹ ਕਰਕੇ ਖੜ੍ਹਾ ਹੁੰਦੈ, ਕੀ ਪਤਾ ਵਿਚਾਰੇ ਦੇ ਚਿੱਤ ‘ਚ ਕੀ ਕੀ ਖੌਰੂ ਪਾਉਂਦਾ ਫਿਰਦਾ ਹੋਊ?”
-“ਦਾਦੀ, ਆਪਾਂ ਕੱਲ੍ਹ ਨੂੰ ਓਸ ਬਾਬੇ ਨੂੰ ਬੁਲਾ ਕੇ ਦੇਖੀਏ?” ਵਿਕਰਮ ਨੇ ਸੁਰਜੀਤ ਕੌਰ ਦੇ ਮੂੰਹ ਵੱਲ ਦੇਖਿਆ। ਉਹਨੂੰ ਉਮੀਦ ਹੀ ਨਹੀਂ ਸਗੋਂ ਯਕੀਨ ਵੀ ਸੀ ਕਿ ਦਾਦੀ ਜਵਾਬ ਨਹੀਂ ਦਿੰਦੀ।
-“ਪੁੱਤ, ਆਪਣੀ ਕਿਹੜਾ ਓਹਨਾਂ ਨਾਲ ਡਾਂਗ ਚੱਲੀ ਸੀ। ਓਹਨਾਂ ਨੂੰ ਸੱਤਾ ਦਾ, ਪੈਸੇ ਦਾ ਨਸ਼ਾ ਈ ਐਨਾ ਚੜ੍ਹਿਆ ਹੋਇਆ ਸੀ ਕਿ ਸਾਰੀ ਦੁਨੀਆ ਨੂੰ ਆਵਦੀ ਮੁੱਠੀ ‘ਚ ਸਮਝਦੇ ਸੀ। ਕੋਈ ਨਾ….. ਤੂੰ ਕੋਈ ਖਾਣ ਪੀਣ ਵਾਲੀ ਚੀਜ ਫੜਾ ਆਵੀਂ ਕੋਲ ਜਾ ਕੇ। ਪੁੰਨ ਈ ਹੁੰਦੈ ਕਿਸੇ ਭੁੱਖੇ ਦੇ ਮੂੰਹ ਬੁਰਕੀ ਪਾਉਣ ਦਾ।” ਸੁਰਜੀਤ ਕੌਰ ਨੇ ਆਪਣੇ ਸੁਭਾਅ ਮੁਤਾਬਕ ਕਿਹਾ।
ਵਿਕਰਮ ਨੂੰ ਅੱਚਵੀ ਲੱਗ ਗਈ ਕਿ ਉਹਨਾਂ ਦੇ ਇਸ ਘਰ ਨੂੰ ਕਾਨੂੰਨ ਦੀ ਦੁਰਵਰਤੋਂ ਕਰਕੇ ਲਗਭਗ ਨੱਪ ਚੁੱਕੇ “ਕੋਠੀ ਦੱਬਾਂ” ਵਿੱਚੋਂ ਇੱਕ ਧਰਮ ਸਿੰਘ ਨੂੰ ਨੇੜਿਉਂ ਕਿਹੜੇ ਵੇਲੇ ਦੇਖਾਂ। ਉਹਦੀ ਸਾਰੀ ਰਾਤ ਪਾਸੇ ਮਾਰਦੇ ਤੇ ਫੋਨ ‘ਤੇ ਟਾਈਮ ਦੇਖਦੇ ਦੀ ਲੰਘ ਗਈ।
ਸਵੇਰ ਹੋਈ ਤਾਂ ਵਿਕਰਮ ਨੇ ਕਮਰੇ ਦੇ ਅੰਦਰੋਂ ਹੀ ਸ਼ੀਸ਼ੇ ਥਾਈਂ ਗਲੀ ਦਾ ਮੋੜ ਦੇਖਿਆ ਪਰ ਅੱਜ ਧਰਮ ਸਿਉਂ ਨਹੀਂ ਆਇਆ ਸੀ। ਉਹਦੇ ਚਿੱਤ ਨੂੰ ਕਾਹਲ ਬਣੀ ਹੋਈ ਸੀ। ਪਰ ਅੱਧਾ ਘੰਟਾ ਬੀਤਣ ‘ਤੇ ਵੀ ਓਹ ਜਗ੍ਹਾ ਕਿਸੇ ਔਤ ਦੀ ਮਟੀ ਵਾਂਗ ਸੁੰਨੀ ਜਿਹੀ ਹੀ ਸੀ। ਵਿਕਰਮ ਨਿਰਾਸ਼ ਜਿਹਾ ਹੇਠਾਂ ਉੱਤਰ ਆਇਆ। ਦਾਦੀ ਪਾਠ ਕਰ ਰਹੀ ਸੀ। ਵਿਕਰਮ ਨੇ ਗੇਟ ਦੀ ਅਰਲ ਨੂੰ ਹੱਥ ਪਾਇਆ ਤਾਂ ਚੀਂਅਅਅ….. ਦੀ ਆਵਾਜ ਆਈ। ਉਹ ਘੱਟ ਖੜਕਾ ਕਰਨਾ ਚਾਹੁੰਦਾ ਸੀ ਤਾਂ ਕਿ ਦਾਦੀ ਦੇ ਪਾਠ ਕਰਨ ਵਿੱਚ ਵਿਘਨ ਨਾ ਪਵੇ। ਵਿਕਰਮ ਦਰਵਾਜ਼ਾ ਖੋਲ੍ਹਦੈ ਤਾਂ ਉਹਦਾ ਇਕਦਮ ਤ੍ਰਾਹ ਨਿਕਲ ਜਾਂਦੈ। ਉਹ ਓਹਨੀਂ ਪੈਰੀਂ ਪਿਛਾਂਹ ਮੁੜ ਕੇ ਦਾਦੀ ਸੁਰਜੀਤ ਕੌਰ ਕੋਲ ਜਾਂਦੈ ਤਾਂ ਦਾਦੀ ਸੁਰਜੀਤ ਕੌਰ ਵੀ ਪਾਠ ਕਰਕੇ ਅੱਖਾਂ ਮੁੰਦੀ ਬੈਠੀ ਸੀ।
-“ਦਾਦੀ ਮਾਂ ਦਾਦੀ ਮਾਂ …..।” ਵਿਕਰਮ ਹਫਿਆ ਤੇ ਡਰਿਆ ਪਿਆ ਸੀ। ਉਸ ਕੋਲੋਂ ਬੋਲਿਆ ਨਹੀਂ ਸੀ ਜਾ ਰਿਹਾ। ਵਿਕਰਮ ਦੀ ਘਬਰਾਹਟ ਦੇਖ ਕੇ ਸੁਰਜੀਤ ਕੌਰ “ਵਾਹਿਗੁਰੂ ਵਾਹਿਗੁਰੂ” ਕਰਦੀ ਬਾਹਰ ਦਰਵਾਜ਼ੇ ਵੱਲ ਹੋ ਤੁਰੀ। ਕੀ ਦੇਖਦੀ ਐ ਕਿ ਦਰਵਾਜ਼ੇ ਮੂਹਰੇ ਧਰਮ ਸਿਉਂ ਨੀਵੀਂ ਪਾਈ ਖੜ੍ਹਾ ਸੀ, ਇਉਂ ਲਗਦਾ ਸੀ ਜਿਵੇਂ ਹੁਣੇ ਹੁਣੇ ਅੱਥਰੂ ਵਗੇ ਹੋਣ। ਮੂੰਹ ਦੇਖ ਕੇ ਇਉਂ ਲਗਦਾ ਸੀ ਜਿਵੇਂ ਸਦੀਆਂ ਦੇ ਦੁੱਖਾਂ ਨੇ ਸੁੱਕੇ ਦਰੱਖ਼ਤ ‘ਤੇ ਆਲ੍ਹਣਾ ਪਾਇਆ ਹੋਇਆ ਹੋਵੇ। ਧਰਮ ਸਿਉਂ ਨੇ ਪੁਰਾਣੇ ਜਿਹੇ ਅਖਬਾਰ ਵਾਲਾ ਹੱਥ ਅੱਗੇ ਵਧਾਇਆ ਤਾਂ ਵਿਕਰਮ ਨੇ ਦਾਦੀ ਤੋਂ ਪਹਿਲਾਂ ਹੀ ਖੁਦ ਅੱਗੇ ਹੋ ਕੇ ਫੜ ਲਿਆ। ਧਰਮ ਸਿਉਂ ਓਹਨੀਂ ਪੈਰੀਂ ਪਿਛਾਂਹ ਨੂੰ ਮੁੜ ਗਿਆ।
ਵਿਕਰਮ ਨੇ ਅਖਬਾਰ ਦੀ ਤਰੀਕ ਦੇਖੀ ਤਾਂ ਲਗਭਗ 27 ਵਰ੍ਹੇ ਪੁਰਾਣੀ ਸੀ। ਖਬਰ ਤੇ ਤਸਵੀਰ ‘ਚ ਧਰਮ ਸਿਉਂ, ਅੜਬਜੀਤ ਕੌਰ ਤੇ ਉਹਦਾ ਘਰਵਾਲਾ, ਓਸ ਵੇਲੇ ਦੇ ਰਾਜ ਦੇ ਮੁਖੀ ਦੀ ਘਰਵਾਲੀ ਤੇ ਭੈਣ ਨਾਲ ਖੜ੍ਹੇ ਸਨ। ਖਬਰ ਦਾ ਸਿਰਲੇਖ ਸੀ “ਐੱਨ ਆਰ ਆਈ ਬੀਬੀ ਝੂਠ ਬੋਲ ਕੇ ਸਾਡਾ ਸਿਆਸੀ ਅਕਸ ਖਰਾਬ ਕਰ ਰਹੀ ਹੈ।”
ਜਿਉਂ ਹੀ ਵਿਕਰਮ ਨੇ ਰੱਦੀ ਤੇ ਰੇਤੇ ਵਾਂਗ ਭੁਰ ਰਹੇ ਅਖਬਾਰ ਨੂੰ ਖੋਲ੍ਹਣਾ ਚਾਹਿਆ ਤਾਂ ਇੱਕ ਮੈਲੀ ਜਿਹੀ ਪਰਚੀ ਨਿੱਕਲੀ, ਜਿਸ ‘ਤੇ ਲਿਖਿਆ ਸੀ,
“ਦੁਖਾਏ ਦਿਲ ਲਈ ਮੁਆਫੀ ਦੇ ਦੇਣੀ।” ਮਾਤਾ ਸੁਰਜੀਤ ਕੌਰ ਨੇ ਮੁਆਫੀਨਾਮੇ ਵਰਗੀ ਸਤਰ ਪੜ੍ਹੀ ਤਾਂ ਅੱਖਾਂ ਦੇ ਕੋਏ ਸਿੱਲ੍ਹੇ ਹੋ ਗਏ। ਇਉਂ ਲਗਦਾ ਸੀ ਜਿਵੇਂ ਧਰਮ ਸਿਉਂ ਆਪਣੀਆਂ ਕੀਤੀਆਂ ਦਾ ਪਛਤਾਵਾ ਕਰਨ ਹੀ ਹਰ ਰੋਜ ਆਉਂਦਾ ਸੀ।
ਲਗਭਗ ਮਹੀਨਾ ਛੁੱਟੀਆਂ ਗੁਜਾਰ ਕੇ ਦਾਦੀ ਪੋਤਾ ਵਾਪਸ ਕੈਨੇਡਾ ਜਾਣ ਲਈ ਤਿਆਰ ਸਨ। ਹੈਰਾਨ ਵੀ ਸਨ ਕਿ ਉਸ ਦਿਨ ਤੋਂ ਬਾਅਦ ਧਰਮ ਸਿਉਂ ਮੁੜ ਉਸ ਗਲੀ ‘ਚ ਕਦੇ ਨਾ ਆਇਆ। ਕੋਠੀ ਨੂੰ ਜਿੰਦਰਾ ਮਾਰ ਕੇ ਗੱਡੀ ਬਜ਼ਾਰ ਵਿੱਚ ਦੀ ਦਿੱਲੀ ਵੱਲ ਨੂੰ ਹੋ ਤੁਰੀ। ਅਚਾਨਕ ਅੱਗੇ ਲੋਕਾਂ ਦਾ ਝੁਰਮਟ ਜਿਹਾ ਬਣਿਆ ਤਾਂ ਗੱਡੀ ਰੁਕ ਗਈ। ਗੱਡੀ ਦੁਖਭੰਜਨ ਸਿਉਂ ਦਾ ਵੱਡਾ ਮੁੰਡਾ ਭੋਲਾ ਚਲਾ ਰਿਹਾ ਸੀ। ਬਰੇਕਾਂ ਮਾਰ ਕੇ ਭੋਲਾ ਓਸ ਇਕੱਠ ‘ਚ ਧੁੱਸ ਦੇ ਕੇ ਵੜ ਗਿਆ ਤੇ ਪਿੱਛਲਪੈਰੀਂ ਵਾਪਸ ਵੀ ਮੁੜ ਆਇਆ।
-“ਕੀ ਹੋਇਆ ਭੋਲੇ ਪੁੱਤ? ਐਨੇ ਲੋਕ ਕਿਉਂ ਇਕੱਠੇ ਹੋਏ ਆ?” ਮਾਤਾ ਨੇ ਪੁੱਛਿਆ।
-“ਬੇਬੇ, ਪਰਲੋਕ ਦੀ ਦੁਕਾਨ ਮੂਹਰੇ ਕੋਠੀ ਦੱਬ ਪਿਆ ਹੁੰਦਾ ਸੀ ਨਾ? ਓਹ ਚਲਾਣਾ ਕਰ ਗਿਆ ਰਾਤ। ਓਹਦਾ ਆਵਦਾ ਧੀ ਪੁੱਤ ਤਾਂ ਕੋਈ ਬਹੁੜਿਆ ਨੀ, ਹੁਣ ਕਲੱਬ ਆਲੇ ਮੁੰਡੇ ਸਸਕਾਰ ਕਰਨ ਨੂੰ ਲੈ ਕੇ ਚੱਲੇ ਆ।”, ਭੋਲੇ ਨੇ ਸੁਤੇ ਸਿੱਧ ਕਿਹਾ।
-“ਓ ਮੇਰਿਆ ਮਾਲਕਾ! ਬਖਸ਼ ਲਵੀਂ ਇਹਨਾਂ ਨੂੰ।”, ਇੰਨਾ ਕਹਿ ਕੇ ਮਾਤਾ ਸੁਰਜੀਤ ਕੌਰ ਨੇ ਸਿੜੀ ‘ਤੇ ਪਾ ਕੇ ਸਸਕਾਰ ਵਾਸਤੇ ਲਈ ਜਾ ਰਹੇ ਧਰਮ ਸਿਉਂ ਵੱਲ ਦੇਖ ਕੇ ‘ਆਖਰੀ ਸਲਾਮ’ ਵਾਂਗ ਮੱਥਾ ਟੇਕਿਆ। ਹੁਣ ਗੱਡੀ ਦਿੱਲੀ ਵੱਲ ਨੂੰ ਵਾਟਾਂ ਵੱਢਦੀ ਜਾ ਰਹੀ ਸੀ ਤੇ ਗੀਤ ਚੱਲ ਰਿਹਾ ਸੀ
“ਸਾਢੇ ਤਿੰਨ ਹੱਥ ਧਰਤੀ ਤੇਰੀ
ਬਹੁਤੀਆਂ ਜਾਗੀਰਾਂ ਵਾਲਿਆ।”
ਮਨਦੀਪ ਖੁਰਮੀ ਹਿੰਮਤਪੁਰਾ
You must be logged in to post a comment Login