ਮੁਕਤਸਰ: ਫਿਰੌਤੀ ਮੰਗਣ ਵਾਲੇ ਤਿੰਨ ਬਦਮਾਸ਼ ਪੁਲੀਸ ਮੁਕਾਬਲੇ ਦੌਰਾਨ ਕਾਬੂ

ਮੁਕਤਸਰ: ਫਿਰੌਤੀ ਮੰਗਣ ਵਾਲੇ ਤਿੰਨ ਬਦਮਾਸ਼ ਪੁਲੀਸ ਮੁਕਾਬਲੇ ਦੌਰਾਨ ਕਾਬੂ

ਸ੍ਰੀ ਮੁਕਤਸਰ ਸਾਹਿਬ, 11 ਜਨਵਰੀ- ਇਥੇ ਮੁਕਤਸਰ-ਫਿਰੋਜ਼ਪੁਰ ਰੋਡ ’ਤੇ ਮੁਕਤਸਰ ਤੋਂ ਕਰੀਬ 8 ਕਿਲੋਮੀਟਰ ਦੂਰ ਪਿੰਡ ਲੁਬਾਣਿਆਂ ਵਾਲੀ ਵਿਖੇ ਬੀਤੀ ਰਾਤ ਕਰੀਬ 8 ਵਜੇ ਹੋਏ ਮੁਕਾਬਲੇ ਦੌਰਾਨ ਪੁਲੀਸ ਨੇ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਇਕ ਬਦਮਾਸ਼ ਪੁਲੀਸ ਦੀ ਗੋਲੀ ਨਾਲ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮੁਕਤਸਰ ਲਾਗਲੇ ਪਿੰਡ ਰੁਪਾਣਾ ਦੀ ਪੇਪਰ ਮਿਲ ਦੇ ਠੇਕੇਦਾਰ ਸਾਧੂ ਰਾਮ ਪਾਸੋਂ ਇਨ੍ਹਾਂ ਬਦਮਾਸ਼ਾਂ ਨੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਦੱਸਦੇ ਹੋਏ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਠੇਕੇਦਾਰ ਨੇ ਇਸ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ। ਪੁਲੀਸ ਨੇ ਪੀੜਤ ਵਿਅਕਤੀ ਨਾਲ ਮਿਲ ਕੇ ਆਪਣਾ ਜਾਲ ਵਿਛਾਇਆ ਅਤੇ ਬਦਮਾਸ਼ਾਂ ਨੂੰ 15 ਲੱਖ ਰੁਪਏ ਲੈਣ ਵਾਸਤੇ ਮਨਾ ਲਿਆ। ਫਿਰ ਬਦਮਾਸ਼ਾਂ ਵੱਲੋਂ ਦੱਸੇ ਅਨੁਸਾਰ ਪਿੰਡ ਲੁਬਾਣਿਆਂ ਵਾਲੀ ਵਿਖੇ ਪੀੜਤ ਵਿਅਕਤੀ 15 ਲੱਖ ਰੁਪਏ ਲੈ ਕੇ ਗਿਆ। ਪੁਲੀਸ ਵੱਲੋਂ ਵਰ੍ਹਦੇ ਮੀਂਹ ਵਿੱਚ ਕੀਤੀ ਘੇਰਾਬੰਦੀ ਦੌਰਾਨ ਬਦਮਾਸ਼ਾਂ ਨੂੰ ਲਲਕਾਰਿਆ ਤਾਂ ਉਨ੍ਹਾਂ ਪੁਲੀਸ ਉੱਪਰ ਗੋਲੀ ਚਲਾ ਦਿੱਤੀ। ਪੁਲੀਸ ਦੀ ਜਵਾਬੀ ਗੋਲੀਬਾਰੀ ਵਿਚ ਇੱਕ ਬਦਮਾਸ਼ ਜ਼ਖ਼ਮੀ ਹੋ ਗਿਆ ਜਦੋਂਕਿ ਦੋ ਹੋਰਨਾਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ। ਐੱਸਐੱਸਪੀ ਨੇ ਦੱਸਿਆ ਕਿ ਹੁਣ ਪੁਲੀਸ ਇਨ੍ਹਾਂ ਬਦਮਾਸ਼ਾਂ ਕੋਲੋਂ ਪੁੱਛਗਿੱਛ ਕਰ ਕੇ ਇਨ੍ਹਾਂ ਦੇ ਪਿਛੋਕੜ ਅਤੇ ਲਾਰੈਂਸ ਬਿਸ਼ਨੋਈ ਨਾਲ ਸਬੰਧਾਂ ਦੀ ਜਾਂਚ ਕਰੇਗੀ। ਜ਼ਖ਼ਮੀ ਬਦਮਾਸ਼ ਦੀ ਪਛਾਣ ਸੁਖਮੰਦਰ ਸਿੰਘ ਤੇ ਦੋ ਹੋਰਨਾਂ ਦੀ ਲਖਵੀਰ ਸਿੰਘ ਅਤੇ ਸਰਵਨ ਸਿੰਘ ਵਜੋਂ ਹੋਈ ਹੈ।

You must be logged in to post a comment Login