ਆਸਟਰੇਲੀਆ ਸਰਕਾਰ ਵਲੋਂ ਨਵੀਂ ਮਾਈਗ੍ਰੇਸ਼ਨ ਨੀਤੀ

ਆਸਟਰੇਲੀਆ ਸਰਕਾਰ ਵਲੋਂ ਨਵੀਂ ਮਾਈਗ੍ਰੇਸ਼ਨ ਨੀਤੀ

ਅਰਜ਼ੀਆਂ ਦੀ ਸਖਤੀ ਨਾਲ ਹੋਵੇਗੀ ਜਾਂਚ, ਅੰਗਰੇਜ਼ੀ ਭਾਸ਼ਾ ’ਚ ਵਧੇਰੇ ਮੁਹਾਰਤ ਕਰਨੀ ਹੋਵੇਗੀ

ਮੈਲਬਰਨ, 12 ਦਸੰਬਰ (ਪੰ. ਐ. ਬਿਊਰੋ)- ਆਸਟਰੇਲੀਆ ਦੀ ਸਰਕਾਰ ਪ੍ਰਵਾਸੀਆਂ ਲਈ ਨਵੇਂ ਨਿਯਮ ਬਣਾਉਣ ਜਾ ਰਹੀ ਹੈ। ਇਸ ਦੇ ਤਹਿਤ ਆਸਟਰੇਲੀਆ ਜਾਣ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਦੀ ਜਾਂਚ ਸ਼ਾਮਲ ਹੋਵੇਗੀ ਅਤੇ ਆਈਲੈਟਸ ਵਰਗੇ ਟੈਸਟਾਂ ਵਿੱਚ ਪਹਿਲਾਂ ਨਾਲੋਂ ਵਧੇਰੇ ਅੰਕ ਲੈਣੇ ਹੋਣਗੇ। ਵਿਦਿਆਰਥੀ ਵੀਜ਼ਿਆਂ ਲਈ ਸ਼ਰਤਾਂ ਹੁਣ ਸਖਤ ਹੋ ਜਾਣਗੀਆਂ। ਸਰਕਾਰ ਅਨੁਸਾਰ ਸੁਧਾਰਾਂ ਦਾ ਉਦੇਸ਼ ਪ੍ਰਵਾਸੀਆਂ ਦੀ ਗਿਣਤੀ ਨੂੰ ਕੰਟਰੋਲ ਕਰਨਾ ਹੈ ਅਤੇ ਇਸ ਤਹਿਤ ਅਰਜ਼ੀਆਂ ਦੀ ਹੋਰ ਸਖ਼ਤੀ ਨਾਲ ਜਾਂਚ ਕੀਤੀ ਜਾਵੇਗੀ। ਇਸ ਨਵੀਂ ਨੀਤੀ ਦਾ ਅਸਰ ਪੰਜਾਬ ਤੋਂ ਇੱਥੇ ਵਿਦਿਆਰਥੀ ਵੀਜ਼ੇ ’ਤੇ ਆਉਣ ਦੇ ਚਾਹਵਾਨਾਂ ਉੱਤੇ ਪੈਣਾ ਸੁਭਾਵਿਕ ਹੈ। ਨਵੀਆਂ ਤਰਮੀਮਾਂ ਤਹਿਤ ਹੁਣ ਵਿਦਿਆਰਥੀਆਂ ਨੂੰ ਵੀਜ਼ੇ ਲਈ ਅੰਗਰੇਜ਼ੀ ਵਿੱਚ ਵਧੇਰੇ ਮੁਹਾਰਤ ਦਾ ਪ੍ਰਮਾਣ ਦੇਣਾ ਹੋਵੇਗਾ। ਇੱਥੇ ਪੜ੍ਹ ਰਹੇ ਵਿਦਿਆਰਥੀ ਜੇਕਰ ਅੱਗੇ ਹੋਰ ਵੀਜ਼ਾ ਲੈਣਾ ਚਾਹੁਣਗੇ ਤਾਂ ਕੋਰਸ ਉਨ੍ਹਾਂ ਦੀ ਪੜ੍ਹਾਈ ਤੇ ਯੋਗਤਾ ਨਾਲ ਸਬੰਧਿਤ ਹੋਣੇ ਲਾਜ਼ਮੀ ਹੋਣਗੇ। ਅਰਜ਼ੀਆਂ ਵਿੱਚ ਜਾਅਲੀ ਦਸਤਾਵੇਜ਼ਾਂ ਅਤੇ ਫਰਜ਼ੀ ਦਾਅਵਿਆਂ ਕਾਰਨ ਕੁਝ ਮਹੀਨੇ ਪਹਿਲਾਂ ਮੁਲਕ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਨੇ ਭਾਰਤ ਤੋਂ ਪੰਜਾਬ ਸਮੇਤ ਹਰਿਆਣਾ, ਯੂਪੀ ਅਤੇ ਗੁਜਰਾਤ ਵਰਗੇ ਸੂਬਿਆਂ ਨਾਲ ਸਬੰਧਿਤ ਬਿਨੈਕਰਤਾਵਾਂ ਦੀਆਂ ਅਰਜ਼ੀਆਂ ਲੈਣ ’ਤੇ ਰੋਕ ਲਗਾ ਦਿੱਤੀ ਸੀ ਪਰ ਹੁਣ ਇਸ ਪਾਸੇ ਖਾਸ ਧਿਆਨ ਦਿੰਦਿਆਂ ਸਰਕਾਰ ਨੇ ‘ਵੀਜ਼ਾ ਇੰਟੀਗਰਿਟੀ ਯੂਨਿਟ’ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਇਹ ਸੰਸਥਾ ਪੜ੍ਹਾਈ ਵੀਜ਼ਿਆਂ ’ਤੇ ਖਾਸ ਨਜ਼ਰ ਰੱਖੇਗੀ। ਇਸ ਸਮੇਂ ਮੁਲਕ ਵਿੱਚ ਕਰੀਬ ਸਾਢੇ ਸੱਤ ਲੱਖ ਕੌਮਾਂਤਰੀ ਵਿਦਿਆਰਥੀ ਹਨ। ਦਸ ਸਾਲਾ ਆਵਾਸ ਨੀਤੀ ਬਾਰੇ ਗ੍ਰਹਿ ਮੰਤਰੀ ਕਲੇਅਰ ਓ ਨੀਲ ਨੇ ਐਲਾਨ ਕਰਦਿਆਂ ਕਿਹਾ ਕਿ ਮੁਲਕ ਦੇ ਆਵਾਸ ਢਾਂਚੇ ਨੂੰ ਦਰੁਸਤ ਕਰਨ ਲਈ ਇਹ ਕਦਮ ਚੁੱਕੇ ਜਾ ਰਹੇ ਹਨ। ਅਵਾਸ ਦੇ ਵੱਡੇ ਵਾਧੇ ਕਾਰਨ ਢਾਂਚੇ ’ਤੇ ਵੱਡਾ ਬੋਝ ਪਿਆ ਹੈ। ਉਨ੍ਹਾਂ ਕਿਹਾ ਕਿ ਜਾਅਲੀ ਯੂਨੀਵਰਸਿਟੀਆਂ ਅਤੇ ਵੀਜ਼ਾ ਫੈਕਟਰੀਆਂ ਵੱਜੋਂ ਕੰਮ ਕਰ ਰਹੇ ਅਦਾਰੇ ਲੋਕਾਂ ਨੂੰ ਵਿਦਿਆਰਥੀ ਵੀਜ਼ਿਆਂ ਦਾ ਰਾਹ ਦਿੰਦੇ ਹਨ, ਜਿਨ੍ਹਾਂ ਨੇ ਪੜ੍ਹਾਈ ਦੀ ਥਾਂ ਕੰਮ ਕਰਨ ਲਈ ਇੱਥੇ ਆਉਣਾ ਹੁੰਦਾ ਹੈ। ਹੁਨਰਮੰਦ ਕਾਮਿਆਂ ਨੂੰ ਖੇਤਰੀ ਇਲਾਕਿਆਂ ਵਿੱਚ ਭੇਜਣ ਨੂੰ ਤਰਜੀਹ, ਸਾਇੰਸ ਤਕਨਾਲੋਜੀ, ਸਾਈਬਰ ਸੁਰੱਖਿਆ ਵਰਗੇ ਖੇਤਰਾਂ ਵਿੱਚ ਹੁਨਰਮੰਦਾਂ ਦੇ ਵੀਜ਼ੇ ਸਾਲਾਂ ਦੀ ਥਾਂ ਹਫ਼ਤਿਆਂ ’ਚ ਨਿਬੇੜੇ ਜਾਣਗੇ ਪਰ ਘੱਟ ਮੁਹਾਰਤੀ ਲੋਕਾਂ ਦੇ ਵੀਜ਼ਿਆਂ ਵਿੱਚ ਕਟੌਤੀ ਵੀ ਇਸ ਨੀਤੀ ਦਾ ਮੁੱਖ ਮਕਸਦ ਹੈ। ਇਸ ਸਬੰਧੀ ਆਸਟਰੇਲੀਅਨ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਕਿਹਾ ਕਿ ਨਵੀਂ ਮਾਈਗ੍ਰੇਸ਼ਨ ਰਣਨੀਤੀ ਤਹਿਤ ਭਾਰਤ ਅਤੇ ਆਸਟਰੇਲੀਆ ਵਿਚਾਲੇ 53“1 ਤਹਿਤ ਪ੍ਰਤੀਬੱਧਤਾਵਾਂ ਨੂੰ ਬਰਕਰਾਰ ਰੱਖਿਆ ਜਾਵੇਗਾ। ਇਸਦਾ ਮਤਲਬ ਹੈ ਕਿ ਭਾਰਤੀ ਵਿਦਿਆਰਥੀ ਅੰਡਰਗਰੈਜੂਏਟ ਡਿਗਰੀ ਪੂਰੀ ਕਰਨ ਲਈ ਦੋ ਸਾਲ, ਮਾਸਟਰ ਡਿਗਰੀ ਪੂਰੀ ਕਰਨ ਲਈ ਤਿੰਨ ਸਾਲ ਅਤੇ ਪੀਐਚਡੀ ਪੂਰੀ ਕਰਨ ਲਈ ਚਾਰ ਸਾਲ ਲਈ ਅਸਥਾਈ ਗ੍ਰੈਜੂਏਟ ਵੀਜ਼ੇ ’ਤੇ ਰਹਿਣ ਦੇ ਯੋਗ ਬਣੇ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਅਗਸਤ 2023 ਤੱਕ 1 ਲੱਖ 20 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਆਸਟਰੇਲੀਆ ਵਿੱਚ ਪੜ੍ਹ ਰਹੇ ਸਨ। ਇਹ ਆਸਟਰੇਲੀਆ ਵਿੱਚ ਵਿਦੇਸ਼ੀ ਵਿਦਿਆਰਥੀਆਂ ਦਾ ਦੂਜਾ ਸਭ ਤੋਂ ਵੱਡਾ ਸਮੂਹ ਹੈ।

 

You must be logged in to post a comment Login