ਦਿੱਲੀ ਵਿੱਚ ਓਰੇਂਜ ਅਲਰਟ ਜਾਰੀ; ਪੰਜਾਬ ਅਤੇ ਹਰਿਆਣਾ ’ਚ ਕਈ ਥਾਈਂ ਗੜੇਮਾਰੀ

ਦਿੱਲੀ ਵਿੱਚ ਓਰੇਂਜ ਅਲਰਟ ਜਾਰੀ; ਪੰਜਾਬ ਅਤੇ ਹਰਿਆਣਾ ’ਚ ਕਈ ਥਾਈਂ ਗੜੇਮਾਰੀ

ਚੰਡੀਗੜ੍ਹ, 27 ਦਸੰਬਰ- ਕੌਮੀ ਰਾਜਧਾਨੀ ਅਤੇ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਅੱਜ ਮੀਂਹ ਕਾਰਨ ਠੰਢ ਵਧ ਗਈ ਹੈ। ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਈਂ ਹੋਈ ਭਾਰੀ ਗੜੇਮਾਰੀ ਕਾਰਨ ਕਿਸਾਨ ਫਿਕਰਾਂ ’ਚ ਪੈ ਗਏ ਹਨ। ਹਾਲਾਂਕਿ ਮੀਂਹ ਕਣਕ ਦੀ ਫ਼ਸਲ ਲਈ ਵਰਦਾਨ ਸਾਬਿਤ ਹੋ ਸਕਦਾ ਹੈ ਪਰ ਮੀਂਹ ਦੇ ਨਾਲ ਪਏ ਗੜਿਆਂ ਕਾਰਨ ਫ਼ਸਲ ਦੇ ਨੁਕਸਾਨ ਦਾ ਵੀ ਖਦਸ਼ਾ ਹੈ। ਅੱਜ ਦਿਨ ਭਰ ਮੀਂਹ ਦੇ ਨਾਲ ਕਈ ਥਾਈਂ ਪਏ ਗੜਿਆਂ ਨੇ ਕਿੰਨੂ, ਅਮਰੂਦ ਅਤੇ ਬੇਰ ਦੀ ਫ਼ਸਲ ਨੂੰ ਪ੍ਰਭਾਵਿਤ ਕੀਤਾ ਹੈ। ਪੰਜਾਬ ਅਤੇ ਹਰਿਆਣਾ ਦੇ ਕਈ ਖੇਤਰਾਂ ’ਚ ਪਏ ਗੜਿਆਂ ਨੇ ਸਬਜ਼ੀ ਕਾਸ਼ਤਕਾਰਾਂ ਨੂੰ ਵੀ ਫਿਕਰਾਂ ਵਿੱਚ ਪਾ ਦਿੱਤਾ ਹੈ। ਖੇਤਾਂ ਵਿੱਚ ਜਿੱਥੇ ਆਲੂਆਂ ਅਤੇ ਮਟਰਾਂ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਡਰ ਹੈ, ਉੱਥੇ ਹੀ ਗੜਿਆਂ ਕਾਰਨ ਬੇਰਾਂ ਨੂੰ ਪਿਆ ਫ਼ਲ ਵੀ ਧਰਤੀ ’ਤੇ ਡਿੱਗ ਗਿਆ ਹੈ।

 

 

You must be logged in to post a comment Login