ਪੁਲੀਸ ਨੇ ਡੱਲੇਵਾਲ ਨੂੰ ਚੁੱਕਣ ਦੀ ਕਾਰਵਾਈ ਤੋਂ ਟਾਲਾ ਵੱਟਿਆ

ਪੁਲੀਸ ਨੇ ਡੱਲੇਵਾਲ ਨੂੰ ਚੁੱਕਣ ਦੀ ਕਾਰਵਾਈ ਤੋਂ ਟਾਲਾ ਵੱਟਿਆ

ਪਟਿਆਲਾ :ਕਿਸਾਨੀ ਮੰਗਾਂ ਦੀ ਪੂਰਤੀ ਲਈ ਖਨੌਰੀ ਨੇੜੇ ਸਥਿਤ ਢਾਬੀ ਗੁੱਜਰਾਂ ਬਾਰਡਰ ’ਤੇ 35 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਡੱਲੇਵਾਲ ਨੂੰ ਇਲਾਜ ਮੁਹੱਈਆ ਕਰਵਾਉਣ ਸਬੰਧੀ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ 31 ਦਸੰਬਰ ਤੱਕ ਦੀ ਮੋਹਲਤ ਦਿੱਤੀ ਹੋਣ ਕਾਰਨ ਉਨ੍ਹਾਂ ਨੂੰ ਜਬਰੀ ਚੁੱਕ ਕੇ ਹਸਪਤਾਲ ਦਾਖ਼ਲ ਕਰਵਾਉਣ ਦੀ ਸੰਭਾਵੀ ਕਾਰਵਾਈ ਵਜੋਂ ਅੱਜ ਕਾਫ਼ੀ ਹਲਚਲ ਨਜ਼ਰ ਆਈ। ਸੂਤਰਾਂ ਅਨੁਸਾਰ ਕਾਫ਼ੀ ਸਲਾਹ-ਮਸ਼ਵਰੇ ਮਗਰੋਂ ਪੁਲੀਸ ਅੱਜ ਕੋਈ ਕਾਰਵਾਈ ਕਰਨ ਤੋਂ ਟਾਲਾ ਵੱਟ ਗਈ। ਇਸ ਤਹਿਤ ਢਾਬੀ ਗੁੱਜਰਾਂ ਬਾਰਡਰ ਤੋਂ ਕੁਝ ਦੂਰੀ ’ਤੇ ਪਾਤੜਾਂ ਵਿੱਚ ਕਈ ਜਲ ਤੋਪਾਂ, ਦੰਗਾ ਰੋਕੂ ਗੱਡੀਆਂ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸਾਂ ਖੜ੍ਹਾਈਆਂ ਨਜ਼ਰ ਆਈਆਂ। ਚਰਚਾ ਰਹੀ ਕਿ ਪੰਜ ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮਾਂ ਨੂੰ ਵੀ ਅਲਰਟ ਕੀਤਾ ਗਿਆ ਹੈ। ਅੱਜ ਰਾਤ ਨੂੰ ਧਾਵਾ ਬੋਲਣ ਦੀ ਚਰਚਾ ਜ਼ੋਰਾਂ ’ਤੇ ਰਹੀ। ਸੂਤਰਾਂ ਮੁਤਾਬਕ ਸਰਕਾਰ ਵੱਲੋਂ ਅਜਿਹੀਆਂ ਤਿਆਰੀਆਂ ਕਿਸਾਨਾਂ ਦਾ ਦਮ-ਖਮ ਪਰਖਣ ਲਈ ਕੀਤੀਆਂ ਗਈਆਂ ਸਨ। ਉੱਧਰ, ਪੁਲੀਸ ਅਧਿਕਾਰੀ ਅੱਜ ਦਿਨ ਭਰ ਢਾਬੀ ਗੁੱਜਰਾਂ ਬਾਰਡਰ ’ਤੇ ਸਰਗਰਮ ਰਹੇ। ਖ਼ਾਸ ਕਰਕੇ ਸੇਵਾ ਮੁਕਤ ਏਡੀਜੀਪੀ ਜਸਕਰਨ ਸਿੰਘ ਨੇ ਡੱਲੇਵਾਲ ਨੂੰ ਮਨਾਉਣ ਲਈ ਕਾਫ਼ੀ ਜ਼ੋਰ ਲਾਇਆ, ਪਰ ਉਹ ਨਾ ਮੰਨੇ। ਇਸ ਅਧਿਕਾਰੀ ਵੱਲੋਂ ਕਿਸਾਨ ਆਗੂਆਂ ਨਾਲ ਕੀਤੀਆਂ ਮੀਟਿੰਗਾਂ ਵੀ ਰਾਸ ਨਾ ਆਈਆਂ, ਪਰ ਰਾਤ ਤੱਕ ਵੀ ਉਨ੍ਹਾਂ ਨੇ ਯਤਨ ਜਾਰੀ ਰੱਖੇ ਹੋਏ ਸਨ। ਡੀਆਈਜੀ ਮਨਦੀਪ ਸਿੱਧੂ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਵੱਲੋਂ ਵੀ ਅਜਿਹੇ ਹੀ ਯਤਨ ਕੀਤੇ ਜਾ ਰਹੇ ਹਨ। ਬਾਰਡਰ ’ਤੇ ਪਹੁੰਚਣ ਲਈ ਹੁਣ ਵਾਹਨ ਪਿੱਛੇ ਹੀ ਰੁਕਵਾ ਲਏ ਜਾਂਦੇ ਹਨ ਤੇ ਕਾਫ਼ੀ ਪੈਂਡਾ ਤੁਰ ਕੇ ਜਾਣਾ ਪੈਂਦਾ ਹੈ। ਕਿਸਾਨਾਂ ਵੱਲੋਂ ਵਾਹਨਾਂ ’ਤੇ ਸਪੀਕਰ ਬੰਨ੍ਹ ਕੇ ਨੇੜਲੇ ਪਿੰਡਾਂ ’ਚ ਪਹੁੰਚ ਕੇ ਵੱਧ ਤੋਂ ਵੱਧ ਕਿਸਾਨਾਂ ਨੂੰ ਢਾਬੀ ਗੁੱਜਰਾਂ ਬਾਰਡਰ ’ਤੇ ਪਹੁੰਚਣ ਦਾ ਹੋਕਾ ਦਿੱਤਾ ਜਾਂਦਾ ਰਿਹਾ ਕਿ ਅੱਜ ਰਾਤ ਪੁਲੀਸ ਡੱਲੇਵਾਲ ਨੂੰ ਜਬਰੀ ਚੁੱਕਣ ਦੀ ਤਿਆਰੀ ’ਚ ਹੈ। ਉੱਧਰ, ਕਾਕਾ ਸਿੰਘ ਕੋਟੜਾ, ਸੁਰਜੀਤ ਫੂਲ, ਸੁਖਜੀਤ ਸਿੰੰਘ ਹਰਦੋਝੰਡੇ, ਅਭਿਮਨਿਯੂੰ ਕੋਹਾੜ ਅਤੇ ਜਸਵਿੰਦਰ ਲੌਂਗੋਵਾਲ ਸਮੇਤ ਹੋਰ ਕਿਸਾਨ ਆਗੂ ਪਹਿਲਾਂ ਹੀ ਆਖ ਚੁੱਕੇ ਹਨ ਕਿ ਪੁਲੀਸ ਦੀ ਅਜਿਹੀ ਕਾਰਵਾਈ ਦਾ ਉਹ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਉਨ੍ਹਾਂ ਦੀਆਂ ਲਾਸ਼ਾਂ ਦੇ ਉਪਰੋਂ ਲੰਘ ਕੇ ਹੀ ਡੱਲੇਵਾਲ ਨੂੰ ਚੁੱਕ ਕੇ ਲਿਜਾ ਸਕਦੀ ਹੈ। ਕਿਸਾਨ ਆਗੂਆਂ ਨੇ ਅੱਜ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਕਰ ਕੇ ਮੁੜ ਆਗਾਹ ਕੀਤਾ ਕਿ ਪੁਲੀਸ ਭੁੱਲ ਕੇ ਵੀ ਅਜਿਹੀ ਗਲਤੀ ਨਾ ਕਰ ਲਵੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿੱਥੇ ਦੋਵੇਂ ਪਾਸਿਓਂ ਭਾਰੀ ਨੁਕਸਾਨ ਹੋਵੇਗਾ, ਉੱਥੇ ਹੀ ਪੰਜਾਬ ਪੁਲੀਸ ਦੇ ਮੱਥੇ ’ਤੇ ਵੱਡਾ ਕਲੰਕ ਲੱਗ ਜਾਵੇਗਾ ਕਿਉਂਕਿ ਪੁਲੀਸ ’ਚ ਵੀ ਵਧੇਰੇ ਕਿਸਾਨਾਂ ਦੇ ਹੀ ਧੀ-ਪੁੱਤ ਹਨ।

You must be logged in to post a comment Login