ਡੱਲੇਵਾਲ ਦੀ ਸਿਹਤ ਸੰਭਾਲ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ: ਸੁਪਰੀਮ ਕੋਰਟ

ਡੱਲੇਵਾਲ ਦੀ ਸਿਹਤ ਸੰਭਾਲ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ: ਸੁਪਰੀਮ ਕੋਰਟ

ਨਵੀਂ ਦਿੱਲੀ, 20 ਦਸੰਬਰ- ਸੁਪਰੀਮ ਕੋਰਟ ਨੇ ਪਿਛਲੇ 24 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਸਬੰਧੀ ਫੈਸਲਾ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਡਾਕਟਰਾਂ ਉੱਤੇ ਛੱਡ ਦਿੱਤਾ ਹੈ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਉੱਜਲ ਭੂਈਆਂ ਦੇ ਬੈਂਚ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਸੰਭਾਲ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਬਉੱਚ ਕੋਰਟ ਨੇ ਡੱਲੇਵਾਲ ਦੀ ਮੈਡੀਕਲ ਹਾਲਤ ਬਾਰੇ ਪੰਜਾਬ ਦੇ ਮੁੱਖ ਸਕੱਤਰ ਤੇ ਸਿਹਤ ਅਧਿਕਾਰੀਆਂ ਤੋਂ 2 ਜਨਵਰੀ ਤੱਕ ਰਿਪੋਰਟਾਂ ਮੰਗੀਆਂ ਹਨ। ਬੈਂਚ ਨੇ ਕਿਹਾ ਕਿ ਲੋੜ ਪੈਣ ਉੱਤੇ ਸੂਬਾ ਸਰਕਾਰ ਕੋਰਟ ਨਾਲ ਰਾਬਤਾ ਕਰ ਸਕਦੀ ਹੈ। ਬੈਂਚ ਨੇ ਕਿਹਾ ਕਿ 70 ਸਾਲਾ ਡੱਲੇਵਾਲ ਨੂੰ ਪੰਜਾਬ ਤੇ ਹਰਿਆਣਾ ਦੀ ਸਰਹੱਦ ਖਨੌਰੀ ਬਾਰਡਰ ਉੱਤੇ ਧਰਨੇ ਵਾਲੀ ਥਾਂ ਤੋਂ 700 ਮੀਟਰ ਦੇ ਘੇਰੇ ਵਿਚ ਸਥਾਪਿਤ ਆਰਜ਼ੀ ਹਸਪਤਾਲ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਪੇਸ਼ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਕਿਸਾਨ ਆਗੂ ਦੀ ਮੈਡੀਕਲ ਹਾਲਤ ਬਾਰੇ ਮੁੱਖ ਸਕੱਤਰ ਦਾ ਹਲਫ਼ਨਾਮਾ ਕੋਰਟ ਨੂੰ ਸੌਂਪਿਆ। ਸਿੰਘ ਨੇ ਕਿਹਾ ਕਿ ਕਿਸਾਨ ਆਗੂ ਨੂੰ ਧਰਨੇ ਵਾਲੀ ਥਾਂ ਤੋਂ ਜਬਰੀ ਚੁੱਕਣ ਨਾਲ ਸਦਮਾ ਲੱਗ ਸਕਦਾ ਹੈ ਤੇ ਹਾਲਾਤ ਵਿਗੜ ਸਕਦੇ ਹਨ। ਇਸ ਉੱਤੇ ਬੈਂਚ ਨੇ ਕਿਹਾ ਕਿ ਅਥਾਰਿਟੀਜ਼ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਲਈ ਮਨਾਉਣ ਵਾਸਤੇ ਕੋਸ਼ਿਸ਼ਾਂ ਜਾਰੀ ਰੱਖਣ।

You must be logged in to post a comment Login